Breaking News Flash News International Politics

US Presidential Election: Joe Biden ਨੇ ਰਾਸ਼ਟਰਪਤੀ ਚੋਣਾਂ ਨਾ ਲੜਨ ਦਾ ਕੀਤਾ ਐਲਾਨ, ਵਾਪਸ ਲਿਆ ਨਾਮ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਐਤਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ 2024 ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਆਪਣਾ ਨਾਂ ਵਾਪਸ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਹੁਣ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦਾਅਵੇਦਾਰ ਨਹੀਂ ਹਨ। ਬਿਡੇਨ ਤੋਂ ਬਾਅਦ ਕਮਲਾ ਹੈਰਿਸ ਅਗਲੀ ਦਾਅਵੇਦਾਰ ਹੋਵੇਗੀ। ਬਿਡੇਨ ਦਾ ਇਹ ਫੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਨ੍ਹਾਂ ਦੇ ਡੈਮੋਕਰੇਟਸ ਸਾਥੀ ਉਨ੍ਹਾਂ ‘ਤੇ ਲਗਾਤਾਰ ਦਬਾਅ ਬਣਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹ ਡੋਨਾਲਡ ਟਰੰਪ ਦੇ ਖਿਲਾਫ ਕਮਜ਼ੋਰ ਉਮੀਦਵਾਰ ਸਾਬਤ ਹੋ ਰਹੇ ਹਨ।

ਰਾਸ਼ਟਰਪਤੀ ਚੋਣਾਂ ਤੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ ਕਰਦਿਆਂ ਬਿਡੇਨ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਇੱਕ ਵਾਰ ਫਿਰ ਚੋਣਾਂ ਲੜਨ ਦਾ ਸਵਾਲ ਹੈ ਤਾਂ ਪਾਰਟੀ ਅਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਨਾ ਲੜਨ ਦਾ ਫੈਸਲਾ ਲੈ ਰਹੇ ਹਨ।

ਬਿਡੇਨ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਆਪਣੇ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣਗੇ। ਜੋ ਬਿਡੇਨ ਨੇ ਖੁਦ ਵੀ ਟਵੀਟ ਕਰਕੇ ਆਪਣੇ ਫੈਸਲੇ ਬਾਰੇ ਦੱਸਿਆ। ਉਨ੍ਹਾਂ ਨੇ ਇਸ ਟਵੀਟ ‘ਚ ਕਿਹਾ, ‘ਮੇਰੇ ਡੈਮੋਕਰੇਟਸ ਸਾਥੀਓ, ਮੈਂ ਨਾਮਜ਼ਦਗੀ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਹੁਣ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਆਪਣੇ ਫਰਜ਼ ਨਿਭਾਉਣ ਲਈ ਆਪਣੀ ਪੂਰੀ ਤਾਕਤ ਵਰਤਾਂਗਾ।’

ਬਿਡੇਨ ਨੇ ਅੱਗੇ ਕਿਹਾ ਕਿ 2020 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਬਣਨ ਤੋਂ ਬਾਅਦ, ਉਨ੍ਹਾਂ ਦਾ ਪਹਿਲਾ ਫੈਸਲਾ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਵਜੋਂ ਚੁਣਨਾ ਸੀ। ਉਨ੍ਹਾਂ ਇਸ ਫੈਸਲੇ ਨੂੰ ਸਭ ਤੋਂ ਵਧੀਆ ਫੈਸਲਾ ਦੱਸਿਆ। ਇਸ ਦੇ ਨਾਲ ਹੀ ਬਿਡੇਨ ਨੇ ਅੱਗੇ ਕਿਹਾ, ‘ਅੱਜ ਮੈਂ ਕਮਲਾ ਹੈਰਿਸ ਨੂੰ ਇਸ ਸਾਲ ਪਾਰਟੀ ਦੀ ਦਾਅਵੇਦਾਰ ਬਣਾਉਣ ਲਈ ਆਪਣਾ ਪੂਰਾ ਸਮਰਥਨ ਦੇਣਾ ਚਾਹੁੰਦਾ ਹਾਂ।’ ਬਿਡੇਨ ਨੇ ਇੱਥੇ ਸਪੱਸ਼ਟ ਕੀਤਾ ਕਿ ਹੁਣ ਕਮਲਾ ਹੈਰਿਸ ਡੈਮੋਕਰੇਟਸ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਹੋਵੇਗੀ।

ਇੱਥੇ ਬਿਡੇਨ ਨੇ ਡੋਨਾਲਡ ਟਰੰਪ ‘ਤੇ ਵੀ ਨਿਸ਼ਾਨਾ ਸਾਧਿਆ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਆਓ ਡੈਮੋਕਰੇਟਸ, ਹੁਣ ਇਕੱਠੇ ਹੋ ਕੇ ਟਰੰਪ ਨੂੰ ਹਰਾਉਣ ਦਾ ਸਮਾਂ ਆ ਗਿਆ ਹੈ।

LEAVE A RESPONSE

Your email address will not be published. Required fields are marked *