Traffic rules in india: ਹਾਫ ਸਲੀਵ ਕਮੀਜ਼ ਤੇ ਚੱਪਲਾਂ ਪਾ ਕੇ ਬਾਈਕ ਚਲਾਉਣ ‘ਤੇ ਹੋਏਗਾ ਚਲਾਨ? ਨਿਤਿਨ ਗਡਕਰੀ ਦੀ ਪੋਸਟ ਵਾਇਰਲ
ਕੀ ਟ੍ਰੈਫਿਕ ਪੁਲਿਸ ਹਾਫ ਸਲੀਵ ਕਮੀਜ਼ ਪਾ ਕੇ ਦੋ ਪਹੀਆ ਵਾਹਨ ਚਲਾਉਣ ‘ਤੇ ਚਲਾਨ ਕਰ ਸਕਦੀ ਹੈ? ਕੀ ਤੁਸੀਂ ਚੱਪਲਾਂ ਪਾ ਕੇ ਬਾਈਕ ਚਲਾ ਸਕਦੇ ਹੋ? ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਚੱਲ ਰਹੀ ਹੈ। ਦਰਅਸਲ, 2024 ਦੀ ਸ਼ੁਰੂਆਤ ਵਿੱਚ ਮੋਟਰ ਵਹੀਕਲ ਐਕਟ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਸਨ। ਉਸ ਸਮੇਂ ਇਸ ਨੂੰ ਲੈ ਕੇ ਕਈ ਰਾਜਾਂ ਵਿੱਚ ਪ੍ਰਦਰਸ਼ਨ ਹੋਏ ਸਨ। ਹੁਣ ਫਿਰ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਕੀ ਸ਼ੀਸ਼ੇ ਬੰਦ ਕਰਕੇ ਕਾਰ ਚਲਾਉਣ ‘ਤੇ ਚਲਾਨ ਹੋ ਸਕਦਾ ਹੈ ਜਾਂ ਨਹੀਂ?
ਦਰਅਸਲ, ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਖੁਦ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਨਿਤਿਨ ਗਡਕਰੀ ਦੇ ਦਫਤਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੁਰਾਣੀ ਪੋਸਟ ਇਨ੍ਹੀਂ ਦਿਨੀਂ ਐਕਸ ‘ਤੇ ਵਾਇਰਲ ਹੋ ਰਹੀ ਹੈ। ਇਸ ਵਾਇਰਲ ਫੋਟੋ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਅੱਧੀ ਬਾਹਾਂ ਵਾਲੀ ਕਮੀਜ਼ ਪਾ ਕੇ ਵਾਹਨ ਚਲਾਉਣ ਦਾ ਕੋਈ ਚਲਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਲੁੰਗੀ-ਬਣੈਨ ਤੇ ਚੱਪਲਾਂ ਪਾ ਕੇ ਵਾਹਨ ਚਲਾਉਣ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਇਸ ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਸ਼ੀਸ਼ੇ ਬੰਦ ਕਰਕੇ ਕਾਰ ਚਲਾਉਣ ਜਾਂ ਕਾਰ ਵਿੱਚ ਐਕਸਟਰਾ ਬਲਬ ਨਾ ਰੱਖਣ ‘ਤੇ ਵੀ ਚਲਾਨ ਨਹੀਂ ਕੀਤਾ ਜਾਵੇਗਾ।
ਇਹ ਹਨ ਟ੍ਰੈਫਿਕ ਨਿਯਮ
ਹਾਲਾਂਕਿ, ਪ੍ਰਾਈਵੇਟ ਵਾਹਨਾਂ ਦੇ ਡਰਾਈਵਰ ਉਨ੍ਹਾਂ ਕੱਪੜਿਆਂ ਵਿੱਚ ਗੱਡੀ ਚਲਾ ਸਕਦੇ ਹਨ ਜਿਨ੍ਹਾਂ ਵਿੱਚ ਉਹ ਵਧੇਰੇ ਆਰਾਮਦਾਇਕ ਮਹਿਸੂਸ ਕਰਦੇ ਹਨ। ਪਹਿਰਾਵਾ ਕੋਡ ਯਕੀਨੀ ਤੌਰ ‘ਤੇ ਜਨਤਕ ਬੱਸਾਂ, ਆਟੋ ਤੇ ਹੋਰ ਜਨਤਕ ਵਾਹਨਾਂ ਦੇ ਡਰਾਈਵਰਾਂ ‘ਤੇ ਲਾਗੂ ਹੁੰਦਾ ਹੈ। ਹਾਲਾਂਕਿ, ਚੱਪਲਾਂ ਦੀ ਬਜਾਏ ਜੁੱਤੀਆਂ ਵਿੱਚ ਗੱਡੀ ਚਲਾਉਣ ਨਾਲ, ਡਰਾਈਵਰ ਨੂੰ ਵਾਧੂ ਪਕੜ ਮਿਲਦੀ ਹੈ।
ਮੌਜੂਦਾ ਸਮੇਂ ‘ਚ ਮੋਟਰ ਵਹੀਕਲ ਐਕਟ ਤਹਿਤ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ ‘ਤੇ ਚਲਾਨ ਕੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਰੈੱਡ ਲਾਈਟ ਜੰਪ ਕਰਨ, ਟ੍ਰਿਪਲ ਰਾਈਡਿੰਗ, ਗੈਰ-ਕਾਨੂੰਨੀ ਪਾਰਕਿੰਗ ਤੇ ਗਲਤ ਦਿਸ਼ਾ ‘ਚ ਗੱਡੀ ਚਲਾਉਣ ਸਮੇਤ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਚਲਾਨ ਜਾਰੀ ਕੀਤਾ ਜਾ ਸਕਦਾ ਹੈ।