Flash News India Punjab

Punjab Weather Update: ਮਾਨਸੂਨ ਦੀ ਹਰਿਆਣਾ ਰਾਹੀਂ ਐਂਟਰੀ, ਹਿਮਾਚਲ ‘ਚ ਬਾਰਸ਼ ਦਾ ਕਹਿਰ, ਹੁਣ ਪੰਜਾਬ ਦੀ ਵਾਰੀ

ਹਰਿਆਣਾ ਤੇ ਪੰਜਾਬ ਵਿੱਚ ਗਰਮੀ ਦੇ ਕਹਿਰ ਤੋਂ ਰਾਹਤ ਮਿਲਣ ਲੱਗੀ ਹੈ। ਸੋਮਵਾਰ ਤੋਂ ਹੀ ਸ਼ੁਰੂ ਹੋਈ ਪ੍ਰੀ ਮਾਨਸੂਨ ਬਾਰਸ਼ ਕਰਕੇ ਪਾਰਾ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੀ ਚੰਡੀਗੜ੍ਹ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਪਮਾਨ ਘਟਿਆ ਹੈ।

ਮੌਸਮ ਵਿਭਾਗ ਮੁਤਾਬਕ ਮਾਨਸੂਨ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਮੱਧ ਪ੍ਰਦੇਸ਼ ਤੇ ਯੂਪੀ ਤੋਂ ਹੁੰਦਾ ਹੋਇਆ ਹਰਿਆਣਾ ਵਿੱਚ ਦਸਤਕ ਦੇਵੇਗਾ। ਇਸ ਵਾਰ ਵੀ ਦੋਵਾਂ ਪਾਸਿਆਂ ਤੋਂ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਸ ਵਾਰ ਪੰਜਾਬ ਤੇ ਹਰਿਆਣਾ ਵਿੱਚ ਆਮ ਬਾਰਸ਼ ਹੋਵੇਗੀ। ਮਾਨਸੂਨ ਹਰਿਆਣਾ ਪਹੁੰਚਣ ਦੇ ਇੱਕ ਹਫ਼ਤੇ ਦੇ ਅੰਦਰ ਪੰਜਾਬ ਪਹੁੰਚ ਜਾਵੇਗਾ।

ਉਧਰ, ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਪ੍ਰੀ ਮਾਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਉੱਪਰੀ ਤੇ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਵਿੱਚ ਸੋਮਵਾਰ ਨੂੰ ਗੋਹਰ ‘ਚ 62.6, ਐਚਐਮਓ ਸ਼ਿਲਾਰੋ ‘ਚ 31.2, ਰਾਮਪੁਰ ਬੁਸ਼ਹਿਰ ‘ਚ 18.2, ਮੰਡੀ ‘ਚ 15.2, ਰੋਹੜੂ ‘ਚ 11.3, ਸਾਂਗਲਾ ‘ਚ 11.2, ਚੰਬਾ ‘ਚ 11.0, ਜੋਗਿੰਦਰਨਗਰ ‘ਚ 11.0, ਚੌਪਾਲ ‘ਚ 10.00, ਪਾਉਂਟਾ ‘ਚ ਸਾਹਿਬ 10.00, ਨਾਰਕੰਡਾ ਵਿੱਚ 7.3 ਮਿਲੀਮੀਟਰ, ਪੰਡੋਹ ਵਿੱਚ 7.0, ਕੁਫਰੀ ਵਿੱਚ 6.4, ਮਨਾਲੀ ਵਿੱਚ 6.0 ਤੇ ਡਲਹੌਜ਼ੀ ਵਿੱਚ 6.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅੱਜ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਬੇਸ਼ੱਕ ਮੌਸਮ ਵਿਭਾਗ ਨੇ ਅੱਜ ਹਰਿਆਣਾ ਦੇ 8 ਤੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ ਪਰ ਅਗਲੇ ਦਿਨਾਂ ਵਿੱਚ ਬਾਰਸ਼ ਦਾ ਦੌਰ ਜਾਰੀ ਰਹਿਣ ਵਾਲਾ ਹੈ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਸਿਰਫ਼ ਅੱਜ ਲਈ ਹੈ।

ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ, ਸਿਰਸਾ, ਫਤਿਹਾਬਾਦ, ਜੀਂਦ, ਹਿਸਾਰ, ਭਿਵਾਨੀ, ਰੋਹਤਕ ਤੇ ਚਰਖੀ ਦਾਦਰੀ ਵਿੱਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਸ਼ਾਮ ਹਰਿਆਣਾ ਦੇ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ, ਅੰਬਾਲਾ, ਯਮੁਨਾਨਗਰ, ਪਾਣੀਪਤ ਤੇ ਪੰਚਕੂਲਾ ਵਿੱਚ ਤੇਜ਼ ਹਵਾ ਨਾਲ ਮੀਂਹ ਪਿਆ।

ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਮੌਸਮ ਵਿਭਾਗ ਨੇ ਹੀਟਵੇਵ ਅਲਰਟ ਜਾਰੀ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ। 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।

LEAVE A RESPONSE

Your email address will not be published. Required fields are marked *