Breaking News Flash News Punjab

Punjab News: ਸ਼..ਰਾ..ਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ

ਵਿਆਹ ਸਮਾਗਮਾਂ ਵਿੱਚ ਸ਼ਰਾਬ ਨਾ ਵਰਤਾਉਣ ਤੇ ਡੀਜੇ ਸੰਗੀਤ ਨਾ ਵਜਾਉਣ ਵਾਲਿਆਂ ਨੂੰ 21,000 ਰੁਪਏ ਇਨਾਮ ਮਿਲੇਗਾ। ਇਹ ਐਲਾਨ ਸਰਕਾਰ ਨੇ ਨਹੀਂ ਸਗੋਂ ਪਿੰਡ ਦੀ ਪੰਚਾਇਤ ਨੇ ਕੀਤਾ ਹੈ। ਪਿੰਡ ਬੱਲੋ ਦੀ ਪੰਚਾਇਤ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਕਾਫੀ ਪ੍ਰਸੰਸਾ ਹੋ ਰਹੀ ਹੈ। ਇਸ ਦਾ ਮਕਸਦ ਵਿਆਹਾਂ ਉਪਰ ਫਜ਼ੂਲ ਖਰਚੀ ਨੂੰ ਰੋਕਣਾ ਤੇ ਡੀਜੇ ਦੇ ਰੌਲੇ-ਰੱਪੇ ਨੂੰ ਰੋਕਣਾ ਹੈ। ਸੋਸ਼ਲ ਮੀਡੀਆ ਉਪਰ ਹੋਰ ਪੰਚਾਇਤਾਂ ਨੂੰ ਵੀ ਅਜਿਹੇ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਦਰਅਸਲ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨੇ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਾ ਵਰਤਾਉਣ ਤੇ ਡੀਜੇ ਸੰਗੀਤ ਨਾ ਵਜਾਉਣ ਵਾਲੇ ਪਰਿਵਾਰਾਂ ਨੂੰ 21,000 ਰੁਪਏ ਦੀ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪਿੰਡ ਬੱਲੋ ਦੀ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ’ਤੇ ਫਜ਼ੂਲ ਖਰਚੀ ਨਾ ਕਰਨ ਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਡੀਜੇ ਜਾਂ ਉੱਚੀ ਆਵਾਜ਼ ਵਿੱਚ ਸੰਗੀਤ ਤੇ ਸ਼ਰਾਬ ਪਰੋਸਣ ਵਾਲੇ ਸਮਾਗਮਾਂ ਵਿੱਚ ਝਗੜੇ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਉੱਚੀ ਆਵਾਜ਼ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਦੌਰਾਨ ਫਜ਼ੂਲ ਖਰਚ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਤਹਿਤ ਜੇਕਰ ਕੋਈ ਪਰਿਵਾਰ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਂਦਾ ਤੇ ਡੀਜੇ ਸੰਗੀਤ ਨਹੀਂ ਵਜਾਉਂਦਾ ਤਾਂ ਉਸ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਅਮਰਜੀਤ ਕੌਰ ਨੇ ਅੱਗੇ ਕਿਹਾ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪੰਚਾਇਤ ਨੇ ਪਿੰਡ ਵਿੱਚ ਬਾਇਓ ਗੈਸ ਪਲਾਂਟ਼ ਲਾਉਣ ਦੀ ਵੀ ਤਜਵੀਜ਼ ਰੱਖੀ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫ਼ਤ ਬੀਜ ਵੀ ਦਿੱਤੇ ਜਾਣਗੇ।

LEAVE A RESPONSE

Your email address will not be published. Required fields are marked *