Ludhiana Luxury Cars Rallies: ਸਕੂਲਾਂ ‘ਚ ਲਗਜ਼ਰੀ ਗੱਡੀਆਂ ਲੈ ਕੇ ਜਾਣ ਵਾਲਿਆਂ ਬੱਚਿਆ ਦੀ ਖੈਰ ਨਹੀਂ, ਹੋਵੇਗੀ ਵੱਡੀ ਕਾਰਵਾਈ; ਭਵਿੱਖ ਵੀ ਖਤਰੇ ‘ਚ
ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਬੁੱਧਵਾਰ ਤੋਂ ਲਗਜ਼ਰੀ ਵਾਹਨਾਂ ਨੂੰ ਸਕੂਲਾਂ ‘ਚ ਲੈ ਕੇ ਜਾਣ ਵਾਲੇ ਘੱਟ ਉਮਰ ਦੇ ਵਿਦਿਆਰਥੀਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ 25,000 ਰੁਪਏ ਦਾ ਜੁਰਮਾਨਾ ਅਤੇ ਇੱਕ ਸਾਲ ਲਈ ਵਾਹਨ ਦੀ ਆਰ.ਸੀ. ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਜਿਸ ਕਾਰਨ ਵਿਦਿਆਰਥੀਆਂ ਦੇ ਵਿਦੇਸ਼ ਜਾਣ ‘ਤੇ ਵੀ ਪਾਬੰਦੀ ਲਗ ਜਾਵੇਗੀ। ਏਸੀਪੀ ਟਰੈਫਿਕ ਚਿਰੰਜੀਵ ਲਾਂਬਾ ਨੇ ਦੱਸਿਆ ਕਿ ਅੱਜ ਤੋਂ ਸਾਰੇ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕੇ ਲਾਏ ਜਾਣਗੇ।
ਵੱਡੀਆਂ ਲਗਜ਼ਰੀ ਕਾਰਾਂ ਅਤੇ ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਚਲਾਉਣ ਵਾਲੇ ਘੱਟ ਉਮਰ ਦੇ ਬੱਚਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਫੇਅਰਵੈੱਲ ਪਾਰਟੀ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਾਊਥ ਸਿਟੀ ਰੋਡ ’ਤੇ ਰੇਸ ਕਰਦੇ ਅਤੇ ਲਗਜ਼ਰੀ ਗੱਡੀਆਂ ਦੀਆਂ ਖਿੜਕੀਆਂ ਖੋਲ੍ਹ ਕੇ ਹੰਗਾਮਾ ਕਰਦੇ ਦੇਖੇ ਗਏ।
ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ ਸੱਤ ਵਾਹਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਏਸੀਪੀ ਨੇ ਦੱਸਿਆ ਕਿ ਬਾਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਤੋਂ ਸਾਰੇ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਡਰਾਈਵਿੰਗ ਕਰਦੇ ਫੜੇ ਗਏ ਨਾਬਾਲਗ ਬੱਚਿਆਂ ਦੇ ਵਾਹਨਾਂ ਦੀ ਆਰਸੀ ਇੱਕ ਸਾਲ ਲਈ ਰੱਦ ਕਰ ਦਿੱਤੀ ਜਾਵੇਗੀ। ਜੇਕਰ ਆਰਸੀ ਰੱਦ ਹੋ ਜਾਂਦੀ ਹੈ, ਤਾਂ ਉਹ ਵਾਹਨ ਸੜਕਾਂ ‘ਤੇ ਨਹੀਂ ਚੱਲ ਸਕੇਗਾ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਪਾਸਪੋਰਟ ਲਈ ਅਪਲਾਈ ਕਰਦਾ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਵੀ ਨੈਗੇਟਿਵ ਹੋ ਜਾਵੇਗੀ, ਜਿਸ ਕਾਰਨ ਉਸ ਨੂੰ ਵਿਦੇਸ਼ ਜਾਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਡੀਆਂ ਕਾਰਾਂ ਨਾ ਦੇਣ। ਬੱਚਿਆਂ ਦੀ ਗਲਤੀ ਦਾ ਖਮਿਆਜ਼ਾ ਮਾਪਿਆਂ ਨੂੰ ਭੁਗਤਣਾ ਪਵੇਗਾ ਕਿਉਂਕਿ ਆਰਸੀ ਮਾਪਿਆਂ ਦੇ ਨਾਂ ‘ਤੇ ਹੋਵੇਗੀ। ਸਕੂਲਾਂ ਦੇ ਬਾਹਰ ਵਾਹਨ ਪਾਰਕ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ।