Lok Sabha Election 2024: ਤਿਹਾੜ ਜੇਲ੍ਹ ‘ਚੋਂ ਮੇਰੀ ਲਾਈਵ ਵੀਡੀਓ ਵੇਖਦੇ ਸੀ ਪੀਐਮ ਦਫਤਰ ਦੇ ਅਧਿਕਾਰੀ, ਕੇਜਰੀਵਾਲ ਵੱਲੋਂ ਵੱਡਾ ਖੁਲਾਸਾ
ਦਿੱਲੀ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪੰਜਾਬ ਦੌਰੇ ‘ਤੇ ਆਏ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਨੇ ਕੇਂਦਰ ਸਰਕਾਰ ਉਪਰ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ‘ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਕੈਮਰਿਆਂ ਰਾਹੀਂ ਉਨ੍ਹਾਂ ਉਪਰ ਨਜ਼ਰ ਰੱਖੀ ਗਈ।
ਕੇਜਰੀਵਾਲ ਨੇ ਕਿਹਾ ਕਿ ਕੈਮਰਿਆਂ ਰਾਹੀਂ 13 ਅਧਿਕਾਰੀ 24 ਘੰਟੇ ਨਿਗਰਾਨੀ ਕਰ ਰਹੇ ਸਨ। ਇਨ੍ਹਾਂ ‘ਚੋਂ ਇੱਕ ਲਾਈਵ ਫੀਡ ਪ੍ਰਧਾਨ ਮੰਤਰੀ ਦਫਤਰ ਜਾ ਰਹੀ ਸੀ ਜਿੱਥੇ ਦੋ ਟੀਵੀ ਲੱਗੇ ਸਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਾਰ ਨਹੀਂ ਮੰਨੀ।
ਅੰਮ੍ਰਿਤਸਰ ‘ਚ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਇਲਜ਼ਾਮ ਲਾਏ ਕਿ ਕੇਂਦਰ ਸਰਕਾਰ ਨੇ ਮੈਨੂੰ ਜੇਲ੍ਹ ‘ਚ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਜੇਲ੍ਹ ਮੈਨੂਅਲ ਵਿੱਚ ਲਿਖਿਆ ਹੈ ਕਿ ਸੁਪਰਡੈਂਟ ਜੇਕਰ ਚਾਹੇ ਤਾਂ ਕਮਰੇ ਵਿੱਚ ਮੀਟਿੰਗ ਦਾ ਪ੍ਰਬੰਧ ਕਰ ਸਕਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇੱਕ ਆਮ ਕੈਦੀ ਵਾਂਗ ਜਾਲੀ ਰਾਹੀਂ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰਵਾਈ।
ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿੱਚ ਮੇਰੀ ਇਨਸੁਲਿਨ ਬੰਦ ਕਰ ਦਿੱਤੀ ਗਈ। ਜੇਕਰ ਸ਼ੂਗਰ ਕਈ ਦਿਨਾਂ ਤੱਕ ਜ਼ਿਆਦਾ ਰਹਿੰਦੀ ਹੈ ਤਾਂ ਵਿਅਕਤੀ ਦੀ ਕਿਡਨੀ ਤੇ ਲੀਵਰ ਖਰਾਬ ਹੋ ਸਕਦੇ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਮਨੋਰਥ ਕੀ ਸੀ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵੱਡੇ-ਵੱਡੇ ਰਾਜਿਆਂ ਨੇ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਨੁਕਸਾਨ ਪਹੁੰਚਾਇਆ ਹੈ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ 2 ਤਰੀਕ ਨੂੰ ਆਤਮ ਸਮਰਪਣ ਕਰਨਾ ਹੈ। ਨਤੀਜੇ 4 ਨੂੰ ਆਉਣੇ ਹਨ। ਉਹ ਜੇਲ੍ਹ ਵਿੱਚ ਆਪਣੇ ਸੈੱਲ ਤੋਂ ਟੀਵੀ ‘ਤੇ ਨਤੀਜੇ ਦੇਖਣਗੇ। ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13-0 ਨਾਲ ਜਿੱਤੀ ਹੈ। ਦਰਅਸਲ ਦਿੱਲੀ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਵੀਰਵਾਰ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ।