Breaking News Flash News India International

India Canada Row: ਕੈਨੇਡਾ ਦਾ ਭਾਰਤ ਨਾਲ ਮੁੜ ਪੈ ਗਿਆ ਪੰਗਾ, ਵਿਸਾਖੀ ਮੌਕੇ ਹੋਏ ਪ੍ਰਦਰਸ਼ਨਾਂ ‘ਤੇ ਚੁੱਕੇ ਸਵਾਲ, ਟਰੂਡੋ ਨੂੰ ਪੜ੍ਹਾਇਆ ਸੰਵਿਧਾਨ ਦਾ ਪਾਠ !

ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਇੱਕ ਵਾਰ ਮੁੜ ਤੋਂ ਕੈਨੇਡਾ ਅਤੇ ਭਾਰਤ ਆਹਮੋ ਸਾਹਮਣੇ ਹਨ। ਕੈਨੇਡਾ ਵਿੱਚ ਵਿਸਾਖੀ ਮੌਕੇ ਭਾਰਤ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ ਜਿਸ ‘ਤੇ ਭਾਰਤ ਸਰਕਾਰ ਇਤਰਾਜ਼ ਜਤਾਇਆ ਹੈ ਅਤੇ ਟਰੂਡੋ ਸਰਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਘੇਰਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਕੱਟੜਪੰਥੀ ਲੋਕਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਕੈਨੇਡਾ ਇੱਕ ਲੋਕਤੰਤਰੀ ਦੇਸ਼ ਹੈ ਅਤੇ ਉਹ ਹਿੰਸਾ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ।

ਜੈਸਵਾਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਕਈ ਵਾਰ ਕੈਨੇਡਾ ਕੋਲ ਭਾਰਤੀ ਨੇਤਾਵਾਂ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਹਿੰਸਕ ਸੋਚ ਦਾ ਮੁੱਦਾ ਉਠਾਇਆ ਹੈ। ਪਿਛਲੇ ਸਾਲ ਹੀ ਬਰੈਂਪਟਨ ਸ਼ਹਿਰ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ ਗਈ ਸੀ। ਇਸ ਵਿੱਚ ਦੋ ਸਿੱਖ ਬੰਦੂਕਧਾਰੀਆਂ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰਦੇ ਦਿਖਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਹਿੰਸਕ ਪੋਸਟਰ ਲਾਏ ਗਏ ਹਨ।

ਜੈਸਵਾਲ ਨੇ ਕਿਹਾ ਕਿ ਹਿੰਸਾ ਦਾ ਜਸ਼ਨ ਅਤੇ ਵਡਿਆਈ ਕਰਨਾ ਕਿਸੇ ਵੀ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਲੋਕਤੰਤਰੀ ਦੇਸ਼ਾਂ ਨੂੰ ਕਾਨੂੰਨ ਅਤੇ ਵਿਵਸਥਾ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਲੋਕਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਕੱਟੜਪੰਥੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ।

ਜੈਸਵਾਲ ਮੁਤਾਬਕ ਭਾਰਤ ਸਰਕਾਰ ਕੈਨੇਡਾ ਵਿੱਚ ਰਹਿ ਰਹੇ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਕੈਨੇਡਾ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਡਿਪਲੋਮੈਟ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ। ਭਾਰਤ ਨੇ ਕੈਨੇਡਾ ਤੋਂ ਵੱਖਵਾਦੀ ਤੱਤਾਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ‘ਚ ਭਾਰਤ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਬਾਅਦ ਵਿੱਚ ਟਰੂਡੋ ਨੇ ਖੁਦ ਕਈ ਵਾਰ ਭਾਰਤ ਨਾਲ ਸਬੰਧ ਬਣਾਏ ਰੱਖਣ ਦੀ ਗੱਲ ਕੀਤੀ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਨਿੱਝਰ ਮਾਮਲੇ ਵਿੱਚ ਕੈਨੇਡਾ ਤੋਂ ਕਈ ਵਾਰ ਸਬੂਤ ਮੰਗੇ ਸਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਈ ਵਾਰ ਟਰੂਡੋ ਸਰਕਾਰ ‘ਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਸੀ। ਇਹ ਵੀ ਕਿਹਾ ਗਿਆ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ।

LEAVE A RESPONSE

Your email address will not be published. Required fields are marked *