Flash News Punjab

Fog Alert: ਅਗਲੇ 4 ਦਿਨ ਸੋਚ-ਸਮਝ ਕੇ ਨਿਕਲਿਓ ਘਰੋਂ, ਮੌਸਮ ਵਿਭਾਗ ਦਾ ਅਲਰਟ, ਚਿੱਟੀ ਚਾਦਰ ‘ਚ ਲਿਪੇਟਿਆ ਜਾਏਗਾ ਪੰਜਾਬ

ਪੰਜਾਬ ਅਗਲੇ ਚਾਰ ਦਿਨ ਚਿੱਟੀ ਧੁੰਦ ਦੀ ਚਾਦਰ ਵਿੱਚ ਲਵੇਟਿਆ ਜਾਏਗਾ। ਇਸ ਲਈ ਮੌਸਮ ਵਿਭਾਗ ਤੇ ਟ੍ਰੈਫਿਕ ਪੁਲਿਸ ਨੇ ਤੜਕੇ ਤੇ ਦੇਰ ਰਾਤ ਸੜਕਾਂ ਉਪਰ ਸਫਰ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਧੁੰਦ ਕਾਰਨ ਵਿਜ਼ੀਬਿਲਟੀ ਬੇਹੱਦ ਘੱਟ ਰਹੇਗੀ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵਧ ਸਕਦਾ ਹੈ। ਮੰਗਲਵਾਰ ਨੂੰ ਵੀ ਸੰਘਣੀ ਧੁੰਦ ਕਾਰਨ ਲੁਧਿਆਣਾ ਵਿੱਚ ਸਵੇਰ ਦੀ ਵਿਜ਼ੀਬਿਲਟੀ 300 ਮੀਟਰ, ਪਟਿਆਲਾ ਵਿੱਚ 1500 ਮੀਟਰ ਤੇ ਅੰਮ੍ਰਿਤਸਰ ਵਿੱਚ 550 ਮੀਟਰ ਰਿਕਾਰਡ ਕੀਤੀ ਗਈ। ਦੂਜੇ ਪਾਸੇ ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਜਾਰੀ ਹੈ।

ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੰਗਲਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਨੇੜੇ ਹੈ ਪਰ ਲੁਧਿਆਣਾ ਤੇ ਪਟਿਆਲਾ ਵਿੱਚ ਤਾਪਮਾਨ ਅਜੇ ਵੀ ਆਮ ਨਾਲੋਂ ਹੇਠਾਂ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ।

ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਚੰਗੀ ਧੁੱਪ ਖਿੜ੍ਹ ਰਹੀ ਹੈ ਜਿਸ ਕਾਰਨ ਦਿਨ ਦਾ ਤਾਪਮਾਨ ਆਮ ਵਾਂਗ ਹੈ। ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਹੈ। ਬੀਤੀ ਰਾਤ ਤਾਪਮਾਨ 1.5 ਡਿਗਰੀ ਹੇਠਾਂ ਆ ਗਿਆ। ਇੰਨਾ ਹੀ ਨਹੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਚਲਾ ਗਿਆ। ਤਾਪਮਾਨ ‘ਚ ਇਸ ਗਿਰਾਵਟ ਤੋਂ ਬਾਅਦ ਸਥਿਤੀ ਆਮ ਵਾਂਗ ਹੁੰਦੀ ਜਾ ਰਹੀ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 26.8 ਡਿਗਰੀ (ਆਮ ਨਾਲੋਂ 0.5 ਡਿਗਰੀ ਵੱਧ), ਲੁਧਿਆਣਾ ਦਾ 26.0 ਡਿਗਰੀ (ਆਮ ਨਾਲੋਂ 0.6 ਡਿਗਰੀ ਘੱਟ), ਪਟਿਆਲਾ 26.9 ਡਿਗਰੀ (ਆਮ ਨਾਲੋਂ 0.3 ਡਿਗਰੀ ਘੱਟ), ਪਠਾਨਕੋਟ 26.2, ਗੁਰਦਾਸਪੁਰ 26.5, ਫਿਰੋਜ਼ਪੁਰ 27.6, ਰੂਪਨਗਰ 26 ਡਿਗਰੀ ਰਿਕਾਰਡ ਕੀਤਾ ਗਿਆ। ਪੰਜਾਬ ਦੇ ਫਰੀਦਕੋਟ ਵਿੱਚ ਸਭ ਤੋਂ ਘੱਟ ਪਾਰਾ 7.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਪਾਰਾ 9.4, ਲੁਧਿਆਣਾ ਵਿੱਚ 9.6 ਡਿਗਰੀ (ਆਮ ਨਾਲੋਂ 0.5 ਡਿਗਰੀ ਘੱਟ), ਪਟਿਆਲਾ ਵਿੱਚ 9.9 ਡਿਗਰੀ (ਆਮ ਨਾਲੋਂ 0.9 ਡਿਗਰੀ ਘੱਟ), ਪਠਾਨਕੋਟ ਵਿੱਚ 10.3 ਡਿਗਰੀ ਤੇ ਬਠਿੰਡਾ ਵਿੱਚ 10.6 ਡਿਗਰੀ ਦਰਜ ਕੀਤਾ ਗਿਆ।

 

LEAVE A RESPONSE

Your email address will not be published. Required fields are marked *