Punjab Breaking News Flash News

Farmers Protest: ਹਰਿਆਣਾ ਪੁਲਿਸ ਦੀ ਦਰਿੰਦਗੀ! ਰੋਹਤਕ ਤੋਂ ਚੰਡੀਗੜ੍ਹ ਲਿਆਂਦੇ ਨੌਜਵਾਨ ਪ੍ਰਿਤਪਾਲ ਦੇ ਰਿਸ਼ਤੇਦਾਰਾਂ ਨੇ ਕੀਤੇ ਦਿਲ ਦਹਿਲਾਉਣ ਵਾਲੇ ਖੁਲਾਸੇ

ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਦੀ ਦਰਿੰਦਗੀ ਸਾਹਮਣੇ ਆਈ ਹੈ। ਰੋਹਤਕ ਪੀਜੀਆਈ ਤੋਂ ਚੰਡੀਗੜ੍ਹ ਪੀਜੀਆਈ ਲਿਆਂਦੇ ਨੌਜਵਾਨ ਪ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਪ੍ਰਿਤਪਾਲ ਸਿੰਘ ਨੂੰ ਬੋਰੀ ਵਿੱਚ ਬੰਦ ਕਰਕੇ ਲੈ ਕਈ ਸੀ ਤੇ ਅੰਨ੍ਹਾ ਤਸ਼ੱਦਦ ਢਾਹਿਆ ਸੀ। ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸੀ।

ਪ੍ਰਿਤਪਾਲ ਸਿੰਘ ਵਾਸੀ ਸੰਗਰੂਰ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕੋਚਿੰਗ ਅਕੈਡਮੀ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰਿਤਪਾਲ ਆਪਣੇ ਜੀਜੇ (ਜੋ ਸਰਕਾਰੀ ਡਾਕਟਰ ਹੈ ਤੇ ਐਂਬੂਲੈਂਸ ਡਿਊਟੀ ‘ਤੇ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ ‘ਤੇ ਗਿਆ ਸੀ। ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ। ਇਸ ਕਾਰਨ ਉਸ ਨੂੰ ਕੁਝ ਨਹੀਂ ਦਿੱਸਿਆ।

ਇਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ ‘ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਿਸ ਵਾਲੇ ਉਸ ਨੂੰ ਘੜੀਸ ਕੇ ਲੈ ਗਏ। ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਪ੍ਰਿਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ। ਉਸ ਦੇ ਸਿਰ, ਲੱਤਾਂ ਤੇ ਬੁੱਲ੍ਹਾਂ ‘ਤੇ ਸੱਟਾਂ ਲੱਗੀਆਂ ਹਨ।

ਪ੍ਰਿਤਪਾਲ ਦੇ ਭਰਾ ਨੇ ਦੱਸਿਆ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਬੋਰੀ ‘ਚ ਬੰਦ ਕਰਕੇ ਲੈ ਗਈ ਸੀ। ਉਸ ਨੇ ਦੱਸਿਆ ਕਿ ਪ੍ਰਿਤਪਾਲ ਕੋਲ ਦੋ ਮੋਬਾਈਲ ਸਨ। ਇੱਕ ਪੁਲਿਸ ਨੇ ਖੋਹ ਲਿਆ ਤੇ ਦੂਜਾ ਉਸ ਦੇ ਕੋਲ ਸੀ। ਪ੍ਰਿਤਪਾਲ ਨੇ ਉਸ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਸ ਨੂੰ ਬੋਰੀ ਵਿੱਚ ਬੰਦ ਕਰਕੇ ਲਿਜਾਇਆ ਗਿਆ ਹੈ। ਉਸ ਦੀਆਂ ਲੱਤਾਂ ਟੁੱਟ ਗਈਆਂ ਹਨ। ਉਸ ਨੂੰ ਨਹੀਂ ਲੱਗਦਾ ਕਿ ਉਹ ਬਚੇਗਾ।

ਦੱਸ ਦਈਏ ਕਿ ਅੰਦੋਲਨ ‘ਚ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਦੇ ਰੋਹਤਕ ‘ਚ ਹੋਣ ਦੀ ਸੂਚਨਾ ਮਗਰੋਂ ਪੰਜਾਬ ਤੇ ਹਰਿਆਣਾ ਸਰਕਾਰਾਂ ਆਹਮੋ-ਸਾਹਮਣੇ ਹੋ ਗਈਆਂ ਸੀ। ਇਸ ਤੋਂ ਬਾਅਦ ਪ੍ਰਿਤਪਾਲ ਨੂੰ ਪੀਜੀਆਈ, ਚੰਡੀਗੜ੍ਹ ਲੈ ਆਂਦਾ ਗਿਆ ਹੈ। ਦੇਰ ਰਾਤ ਐਂਬੂਲੈਂਸ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਲੈ ਕੇ ਆਈ। ਪੰਜਾਬ ਸਰਕਾਰ ਦੀ ਮੈਡੀਕਲ ਟੀਮ ਵੀ ਉੱਥੇ ਮੌਜੂਦ ਸੀ ਤੇ ਜਾਂਚ ਤੋਂ ਬਾਅਦ ਉਸ ਨੂੰ ਪੀਜੀਆਈ ਲਿਆਂਦਾ ਗਿਆ।

ਚੰਡੀਗੜ੍ਹ ਪਹੁੰਚੇ ਪ੍ਰਿਤਪਾਲ ਨੇ 4 ਦਿਨਾਂ ਬਾਅਦ ਆਪਣੇ ਪਰਿਵਾਰ ਨਾਲ ਮੁਲਾਕਾਤ ਕੀਤਾ। ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਕਸਟਡੀ ਸੌਂਪਣ ਲਈ ਸਹਿਮਤੀ ਦੇਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਿਤਪਾਲ ਸਿੰਘ ਤੇ ਹਰ ਜ਼ਖਮੀ ਕਿਸਾਨ ਦਾ ਮੁਫਤ ਇਲਾਜ ਕਰੇਗੀ। ਜੇਕਰ ਕੋਈ ਹੋਰ ਕਿਸਾਨ ਵੀ ਹਰਿਆਣਾ ਸਰਕਾਰ ਦੀ ਗ੍ਰਿਫ਼ਤ ਵਿੱਚ ਹੈ ਤਾਂ ਉਸ ਬਾਰੇ ਵੀ ਚਰਚਾ ਹੋਈ ਹੈ। ਜਿਵੇਂ ਹੀ ਦੇਰ ਰਾਤ ਪ੍ਰਿਤਪਾਲ ਸਿੰਘ ਪੀਜੀਆਈ ਚੰਡੀਗੜ੍ਹ ਪੁੱਜਿਆ ਤਾਂ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੀ ਪੀਜੀਆਈ ਪਹੁੰਚ ਗਏ।  ਉਨ੍ਹਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਵੀ ਫੋਨ ‘ਤੇ ਗੱਲ ਕੀਤੀ।

ਦਰਅਸਲ ਕਿਸਾਨ ਪ੍ਰਿਤਪਾਲ ਸਿੰਘ 21 ਫਰਵਰੀ ਨੂੰ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਅਫਵਾਹ ਫੈਲ ਗਈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਹਰਿਆਣਾ ਪੁਲਿਸ ਨੇ ਦੱਸਿਆ ਕਿ ਉਹ ਰੋਹਤਕ ਪੀਜੀਆਈ ਵਿੱਚ ਦਾਖਲ ਹੈ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਪੱਤਰ ਲਿਖ ਕੇ ਕਿਸਾਨ ਨੂੰ ਪੰਜਾਬ ਹਵਾਲੇ ਕਰਨ ਲਈ ਕਿਹਾ ਸੀ। ਪੰਜਾਬ ਸਰਕਾਰ ਦੇ ਪੱਤਰ ਤੋਂ ਬਾਅਦ ਕਿਸਾਨ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

LEAVE A RESPONSE

Your email address will not be published. Required fields are marked *