Breaking News Flash News Punjab

Farmers Protest: ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ਪੰਜਾਬ ਸਰਕਾਰ ਨੂੰ ਕਿਹਾ ਤੁਰੰਤ ਰੋਕੋ

ਸ਼ੰਭੂ ਬਾਰਡਰ ‘ਤੇ ਕਿਸਾਨਾਂ ਵੱਲੋਂ ਡ੍ਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਖਫਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਏ।

ਦਰਅਸਲ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਵਿਵਾਦ ਵਧ ਗਿਆ ਹੈ। ਪੰਜਾਬ ਦੇ ਪਟਿਆਲਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਵੱਲੋਂ ਆਪਣੀ ਸਰਹੱਦ ‘ਤੇ ਡ੍ਰੋਨ ਉਡਾਉਣ ‘ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਜਵਾਬ ‘ਚ ਅੰਬਾਲਾ ਪ੍ਰਸ਼ਾਸਨ ਨੇ ਹੁਣ ਸ਼ੰਭੂ ਸਰਹੱਦ ‘ਤੇ ਚੀਨੀ ਡੋਰ ਦੀ ਵਰਤੋਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਚੀਨ ਡੋਰ ‘ਤੇ ਪਾਬੰਦੀ ਦੀ ਗੱਲ ਕਰਦਿਆਂ ਇਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਕਿਸਾਨਾਂ ਵੱਲੋਂ ਪਤੰਗ ਦੀ ਡੋਰ ਨਾਲ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਹਰਿਆਣਾ ਪੁਲਿਸ ਦੇ ਡ੍ਰੋਨਾਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇੱਕ ਡ੍ਰੋਨ ਨੂੰ ਪਤੰਗ ਦੀ ਡੋਰ ਨਾਲ ਡੇਗਿਆ ਹੈ। ਹਾਲਾਂਕਿ ਹਰਿਆਣਾ ਪੁਲਿਸ ਨੇ ਇਸ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।

ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀਸੀ ਅਨੁਸਾਰ ਕਿਸਾਨਾਂ ਵੱਲੋਂ ਉਡਾਏ ਜਾ ਰਹੇ ਪਤੰਗਾਂ ਨੂੰ ਪਾਬੰਦੀਸ਼ੁਦਾ ਚੀਨੀ ਡੋਰ ਰਾਹੀਂ ਉਡਾਇਆ ਜਾ ਰਿਹਾ ਹੈ।

ਡੀਸੀ ਨੇ ਦਾਅਵਾ ਕੀਤਾ ਕਿ ਡ੍ਰੋਨ ਨੇ ਸੰਪਰਕ ਵਿੱਚ ਆਉਣ ‘ਤੇ ਪਤੰਗ ਦੀ ਡੋਰ ਕੱਟੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਡ੍ਰੋਨ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਸੀ। ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਦਰਅਸਲ ਇਸ ਤੋਂ ਪਹਿਲਾਂ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਨੇ ਅੰਬਾਲਾ ਦੇ ਡੀਸੀ ਡਾ: ਸ਼ਾਲੀਨ ਨੂੰ ਪੱਤਰ ਭੇਜਿਆ ਸੀ। ਇਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਦੇ ਡ੍ਰੋਨ ਸ਼ੰਭੂ ਬਾਰਡਰ ‘ਤੇ ਪੰਜਾਬ ਦੀ ਸਰਹੱਦ ‘ਤੇ ਆ ਰਹੇ ਹਨ। ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੇ ਹਨ।

ਪਟਿਆਲਾ ਦੇ ਡੀਸੀ ਨੇ ਇਸ ਨੂੰ ਤੁਰੰਤ ਰੋਕਣ ਲਈ ਕਿਹਾ ਸੀ। ਇਸ ਤੋਂ ਬਾਅਦ ਡੀਸੀ ਪਰੇ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪੱਤਰ ਤੋਂ ਬਾਅਦ ਹਰਿਆਣਾ ਪੁਲਿਸ ਨੇ ਆਪਣੇ ਡ੍ਰੋਨਾਂ ਨੂੰ ਹਰਿਆਣਾ ਸੀਮਾ ਤੱਕ ਸੀਮਤ ਕਰ ਦਿੱਤਾ ਹੈ।

ਉਧਰ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪਟਿਆਲਾ ਦੇ ਡੀਸੀ ਦੀ ਚਿੱਠੀ ਬਾਰੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਕੀ ਡ੍ਰੋਨ ਨਾ ਭੇਜਣ ਦਾ ਮਤਲਬ ਇਹ ਹੈ ਕਿ ਇਹ ਭਾਰਤ-ਪਾਕਿਸਤਾਨ ਸਰਹੱਦ ਬਣ ਗਈ ਹੈ।

ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਬਾਰਡਰ ‘ਤੇ ਕਿਉਂ ਨਹੀਂ ਰੋਕਿਆ ਗਿਆ। ਜੇਕਰ ਕੋਈ ਸਾਡੀ ਪੁਲਿਸ ਨੂੰ ਮਾਰ ਕੇ ਪੰਜਾਬ ਭੱਜ ਜਾਂਦਾ ਹੈ ਤਾਂ ਕੀ ਅਸੀਂ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਨਹੀਂ ਸਕਦੇ।

LEAVE A RESPONSE

Your email address will not be published. Required fields are marked *