Flash News Breaking News Punjab

Farmers Protest: ਖਨੌਰੀ ਸਰਹੱਦ ‘ਤੇ ਗੋਲੀ ਲੱਗਣ ਨਾਲ ਕਿਸਾਨ ਦੀ ਮੌਤ, ਪੁਲਿਸ ਨੇ ਕਿਸਾਨਾਂ ‘ਤੇ ਕੀਤੀ ਸਖਤੀ

ਖਨੌਰੀ ਸਰਹੱਦ ‘ਤੇ ਇੱਕ ਕਿਸਾਨ ਦੀ ਮੌਤ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਕਿਸਾਨ ਨੂੰ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਮਰਨ ਵਾਲਾ ਕਿਸਾਨ ਖਨੌਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਉਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ। ਅੱਜ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਸੁਰੱਖਿਆ ਬਲਾਂ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਕੁਝ ਕਿਸਾਨ ਜ਼ਖ਼ਮੀ ਵੀ ਹੋਏ।

ਕਿਸਾਨ ਲੀਡਰਾਂ ਨੇ ਕਿਹਾ ਕਿ ਖਨੌਰੀ ਦੇ ਦਾਤਾ ਸਿੰਘ ਵਾਲਾ ਸਰਹੱਦ ‘ਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ‘ਚ ਗੋਲੀ ਲੱਗਣ ਨਾਲ ਇੱਕ ਕਿਸਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਸਾਨ ਦੇ ਮੱਥੇ ਵਿੱਚ ਗੋਲੀ ਲੱਗੀ। ਇਸ ਤੋਂ ਇਲਾਵਾ 20 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ। ਪੁਲਿਸ ਨੇ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਹਰਿਆਣਾ ਲਿਆਂਦਾ ਹੈ।

ਸੂਤਰਾਂ ਮੁਤਾਬਕ ਪੁਲਿਸ ਨੇ ਕਾਫੀ ਦੇਰ ਤੱਕ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਕਈ ਕਿਸਾਨ ਖੇਤਾਂ ਰਾਹੀਂ ਸਰਹੱਦ ਪਾਰ ਕਰਨ ਦੀ ਤਿਆਰੀ ਕਰ ਰਹੇ ਸਨ, ਜਿਨ੍ਹਾਂ ’ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਪੁਲਿਸ ਲਗਾਤਾਰ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਅਤੇ ਲਾਠੀਚਾਰਜ ਕਰ ਰਹੀ ਹੈ। ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪਾਂ ਜਾਰੀ ਹਨ। ਕਿਸਾਨ ਜੇਸੀਬੀ ਰਾਹੀਂ ਸਰਹੱਦ ’ਤੇ ਲੱਗੇ ਬੈਰੀਕੇਡ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸੇ ਦੌਰਾਨ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਗਰੁੱਪ ਨਾਲ ਸ਼ੰਭੂ ਬਾਰਡਰ ਜਾ ਰਹੇ ਇੱਕ ਨੌਜਵਾਨ ਦੀ ਜਲੰਧਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਖਿੰਡਾ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਪੁਰ, ਜਲੰਧਰ ਵਜੋਂ ਹੋਈ ਹੈ। ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ।

ਥਾਣਾ ਸ਼ਾਹਕੋਟ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕੰਬਾਈਨ ਮਾਲਕ ਖ਼ਿਲਾਫ਼ ਧਾਰਾ 304-ਏ ਤੇ 427 ਤਹਿਤ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A RESPONSE

Your email address will not be published. Required fields are marked *