Punjab Breaking News

Farmers Protest: ਕਿਸਾਨ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ‘ਚ ਜੰਗੀ ਤਿਆਰੀ, ਸੜਕਾਂ ਪੁੱਟੀਆਂ, ਦਫਾ 144 ਲਾਗੂ, ਇੰਟਨੈੱਟ ਬੰਦ

ਕਿਸਾਨ ਜਥੇਬੰਦੀਆਂ ਵੱਲੋਂ ਮੁੜ ਦਿੱਲੀ ਘੇਰਨ ਦਾ ਐਲਾਨ ਕਰਨ ਮਗਰੋਂ ਦੇਸ਼ ਵਿੱਚ ਸਿਆਸੀ ਹਲਚਲ ਵਧ ਗਈ ਹੈ। ਇੱਕ ਪਾਸੇ ਵਿਰੋਧੀ ਧਿਰਾਂ ਨੇ ਮੁੜ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਿਸਾਨਾਂ ਨੇ ਦਿੱਲੀ ਕੂਚ ਲਈ ਜੰਗੀ ਪੱਧਰ ‘ਤੇ ਤਿਆਰੀ ਕੀਤੀ ਹੈ। ਪੰਜਾਬ ਤੇ ਹਰਿਆਣਾ ਦੀਆਂ 26 ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ ਹਨ।

ਖੁਫੀਆ ਰਿਪੋਰਟਾਂ ਅਨੁਸਾਰ ਕਿਸਾਨਾਂ ਨੇ ਦਿੱਲੀ ਮਾਰਚ ਲਈ ਵਿਸ਼ੇਸ਼ ਕਿਸਮ ਦੇ ਟਰੈਕਟਰ ਤਿਆਰ ਕੀਤੇ ਹਨ। ਇਨ੍ਹਾਂ ਟਰੈਕਟਰਾਂ ਵਿੱਚ ਹਾਈਡ੍ਰੌਲਿਕਸ ਲਾਏ ਗਏ ਹਨ ਜੋ ਬੈਰੀਕੇਡਾਂ ਤੇ ਪੱਥਰਾਂ ਨੂੰ ਹਟਾਉਣ ਦੇ ਸਮਰੱਥ ਹਨ। ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਸੁਚੇਤ ਕਰਦਿਆਂ ਏਜੰਸੀਆਂ ਨੇ ਕਿਹਾ ਹੈ ਕਿ ਦਿੱਲੀ ਮਾਰਚ ਤਹਿਤ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ਤੋਂ 5000 ਟਰੈਕਟਰਾਂ ਨਾਲ 25 ਹਜ਼ਾਰ ਤੋਂ ਵੱਧ ਕਿਸਾਨ ਇੱਕੋ ਸਮੇਂ ਨਿਕਲਣਗੇ।

ਇਸੇ ਦੌਰਾਨ ਅੱਜ ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਾਲੇ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ ਦਾ ਦੂਜਾ ਦੌਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ-26 ਚੰਡੀਗੜ੍ਹ ਵਿਖੇ ਸ਼ਾਮ 5 ਵਜੇ ਹੋਵੇਗਾ। ਕੇਂਦਰ ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪਿਊਸ਼ ਗੋਇਲ ਤੇ ਨਿਤਿਆਨੰਦ ਰਾਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 10 ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ 8 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕੁਝ ਮੰਗਾਂ ਮੰਨ ਲਈਆਂ ਗਈਆਂ ਸਨ, ਪਰ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨ ਬਣਾਉਣ ਸਮੇਤ ਕੁਝ ਮੰਗਾਂ ‘ਤੇ ਸਮਝੌਤਾ ਨਹੀਂ ਹੋ ਸਕਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਤੱਕ ਪੰਜਾਬ ਦੇ ਵੱਡੀ ਗਿਣਤੀ ਕਿਸਾਨ ਹਰਿਆਣਾ ਦੀ ਸਰਹੱਦ ‘ਤੇ ਇਕੱਠੇ ਹੋ ਚੁੱਕੇ ਸਨ। ਇਸ ਦੌਰਾਨ ਕਿਸਾਨਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼ੰਭੂ ਸਰਹੱਦ ਤੋਂ ਬਾਅਦ ਹਰਿਆਣਾ ਪੁਲਿਸ ਤੇ ਪ੍ਰਸ਼ਾਸਨ ਨੇ ਐਤਵਾਰ ਨੂੰ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਝਰਮੜੀ ਸਰਹੱਦ ਨੂੰ ਵੀ ਬੰਦ ਕਰ ਦਿੱਤਾ।

ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਬੀਐਸਐਫ ਤਾਇਨਾਤ ਕਰ ਦਿੱਤੀ ਹੈ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਰੋਹਤਕ, ਸੋਨੀਪਤ, ਝੱਜਰ, ਜੀਂਦ, ਕੁਰੂਕਸ਼ੇਤਰ, ਕੈਥਲ, ਅੰਬਾਲਾ, ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ ਤੇ ਪੰਚਕੂਲਾ ਸ਼ਾਮਲ ਹਨ।

ਇਸ ਤੋਂ ਇਲਾਵਾ ਸੱਤ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਤੇ ਡੱਬਵਾਲੀ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਵੀ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।

ਅੰਬਾਲਾ ‘ਚ ਹਰਿਆਣਾ-ਪੰਜਾਬ ਸਰਹੱਦ ‘ਤੇ ਘੱਗਰ ਪੁਲ ‘ਤੇ ਪੁਲਿਸ ਨੇ ਚਾਰ ਲੇਅਰਾਂ ‘ਚ ਸੁਰੱਖਿਆ ਤਾਇਨਾਤ ਕੀਤੀ ਹੈ। ਇਸ ਵਿੱਚ ਪਹਿਲੀਆਂ ਤਿੰਨ ਪਰਤਾਂ ਵਿੱਚ ਕੰਕਰੀਟ ਦੀ ਬੈਰੀਕੇਡਿੰਗ ਉਪਰ ਕੰਡਿਆਲੀ ਤਾਰਾਂ ਵਿਛਾ ਦਿੱਤੀਆਂ ਗਈਆਂ ਹਨ ਤੇ ਅਖੀਰ ਵਿੱਚ ਲੋਹੇ ਦੇ ਕੰਡੇ ਵਿਛਾਏ ਗਏ ਹਨ। ਇਨ੍ਹਾਂ ਨੂੰ ਸੀਮਿੰਟ ਤੇ ਬੱਜਰੀ ਦੇ ਘੋਲ ਨਾਲ ਤਿਆਰ ਕੀਤਾ ਗਿਆ ਹੈ।

ਕਿਸਾਨਾਂ ਦੀ ਆਵਾਜਾਈ ਦੀ ਸੰਭਾਵਨਾ ਨੂੰ ਦੇਖਦੇ ਹੋਏ ਘੱਗਰ ਨਦੀ ਦੇ ਪੁਲ ‘ਤੇ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਤੇ ਜੈਮਰ ਲਗਾਏ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਬੀਐਸਐਫ ਦੀ ਟੁਕੜੀ ਸਭ ਤੋਂ ਅੱਗੇ ਰਹੇਗੀ। ਇਸ ਤੋਂ ਬਾਅਦ ਆਰਏਐਫ ਤੇ ਫਿਰ ਹਰਿਆਣਾ ਪੁਲਿਸ ਦੇ ਕਰਮਚਾਰੀ ਚਾਰਜ ਸੰਭਾਲਣਗੇ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਸ਼ਾਮ ਨੂੰ ਮੌਕ ਡਰਿੱਲ ਵੀ ਕੀਤੀ। ਇਸ ਵਿੱਚ ਅੱਥਰੂ ਗੈਸ ਦੇ ਗੋਲੇ ਛੱਡੇ ਗਏ।

ਸੋਨੀਪਤ ਦੇ ਡਿਪਟੀ ਕਮਿਸ਼ਨਰ ਡਾਕਟਰ ਮਨੋਜ ਕੁਮਾਰ ਨੇ ਪੈਟਰੋਲ ਪੰਪ ਸੰਚਾਲਕਾਂ ਨੂੰ ਪੱਤਰ ਲਿਖ ਕੇ 12 ਤੇ 13 ਫਰਵਰੀ ਨੂੰ ਸੋਨੀਪਤ ਵਿੱਚ ਖੁੱਲ੍ਹੇਆਮ ਡੀਜ਼ਲ ਤੇ ਪੈਟਰੋਲ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਪੈਟਰੋਲ ਅਤੇ ਡੀਜ਼ਲ ਬੋਤਲਾਂ, ਡੱਬਿਆਂ ਤੇ ਡਰੰਮਾਂ ਵਿੱਚ ਨਹੀਂ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਦੋਵੇਂ ਦਿਨ ਟਰੈਕਟਰ ਵਿੱਚ 10 ਲੀਟਰ ਤੋਂ ਵੱਧ ਡੀਜ਼ਲ ਨਾ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ 13 ਫਰਵਰੀ ਨੂੰ ਖੰਡ ਮਿੱਲ ਵਿੱਚ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੌਮੀ ਮਾਰਗ-44 ਦੀ ਬਜਾਏ ਸਥਾਨਕ ਰਸਤਿਆਂ ਰਾਹੀਂ ਖੰਡ ਮਿੱਲ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ।

13 ਫਰਵਰੀ ਨੂੰ ਪੰਜਾਬ ਤੋਂ ਦਿੱਲੀ ਵੱਲ ਮਾਰਚ ਕਰਨ ਲਈ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਫਤਿਹਾਬਾਦ ਦੇ ਰਤੀਆ ਪਿੰਡ ਰੋਝਾਂਵਾਲੀ ਦੇ ਸੇਮ ਨਾਲੇ ਕੋਲ ਸੜਕ ਤੋੜ ਕੇ ਡੂੰਘੀ ਖਾਈ ਪੁੱਟ ਦਿੱਤੀ ਹੈ ਤਾਂ ਜੋ ਕੋਈ ਵੀ ਵੱਡਾ ਵਾਹਨ ਇੱਥੋਂ ਲੰਘ ਨਾ ਸਕੇ। ਇਸ ਤੋਂ ਇਲਾਵਾ ਹਾਂਸੀ, ਹਿਸਾਰ ‘ਚ ਪੁਲਿਸ-ਪ੍ਰਸ਼ਾਸਨ ਨੇ ਮਯਦ ਪਿੰਡ ‘ਚ ਸੜਕ ਦੇ ਦੋਵੇਂ ਪਾਸੇ ਜੇਸੀਬੀ ਦੀ ਮਦਦ ਨਾਲ 10 ਫੁੱਟ ਡੂੰਘੇ ਟੋਏ ਪੁੱਟ ਦਿੱਤੇ ਹਨ।

LEAVE A RESPONSE

Your email address will not be published. Required fields are marked *