Flash News India Politics

Atishi Claimed BJP Gave Offer: ਕੇਜਰੀਵਾਲ ਮਗਰੋਂ ‘ਆਪ’ ਦੇ ਚਾਰ ਹੋਰ ਲੀਡਰ ਜਾਣਗੇ ਜੇਲ੍ਹ! ਆਤਿਸ਼ੀ ਨੇ ਕੀਤਾ ਹੋਸ਼ ਉਡਾ ਦੇਣ ਵਾਲਾ ਖੁਲਾਸਾ

ਆਮ ਆਦਮੀ ਪਾਰਟੀ ਦੀ ਨੇਤਾ ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਮੰਗਲਵਾਰ (2 ਅਪ੍ਰੈਲ) ਨੂੰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ‘ਚ ਭਾਜਪਾ ‘ਤੇ ਕਈ ਦੋਸ਼ ਵੀ ਲਾਏ ਹਨ। ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਆਫਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਰੇ ਬਹੁਤ ਕਰੀਬੀ ਵਿਅਕਤੀ ਰਾਹੀਂ ਪਾਰਟੀ ਵਿੱਚ ਸ਼ਾਮਲ ਹੋਣ ਲਈ ਪਹੁੰਚ ਕੀਤੀ ਹੈ।

ਆਤਿਸ਼ੀ ਨੇ ਕਿਹਾ, ”ਮੈਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਭਾਜਪਾ ‘ਚ ਸ਼ਾਮਲ ਹੋ ਕੇ ਆਪਣਾ ਸਿਆਸੀ ਕਰੀਅਰ ਬਚਾ ਲਵਾਂ ਜਾਂ ਫਿਰ ਆਉਣ ਵਾਲੇ ਮਹੀਨੇ ਮੈਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।” ਮੇਰੇ ਕਰੀਬੀ ਵਿਅਕਤੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਸਾਰੇ ਲੋਕਾਂ ਨੂੰ ਕੁਚਲਣ ਦਾ ਮਨ ਬਣਾ ਲਿਆ ਹੈ।”

 

ਦਿੱਲੀ ਦੀ ਮੰਤਰੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਸਤੇਂਦਰ ਜੈਨ, ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਭਾਜਪਾ ਆਉਣ ਵਾਲੇ ਦੋ ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਇਰਾਦਾ ਬਣਾ ਰਹੀ ਹੈ। ਉਹ ਮੈਨੂੰ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਤੇ ਰਾਘਵ ਚੱਢਾ ਨੂੰ ਗ੍ਰਿਫਤਾਰ ਕਰਨਗੇ। ਉਨ੍ਹਾਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਟੁੱਟ ਜਾਵੇਗੀ।

ਆਤਿਸ਼ੀ ਨੇ ਇਹ ਵੀ ਕਿਹਾ ਕਿ ਐਤਵਾਰ ਦੀ ਰਾਮਲੀਲਾ ਮੈਦਾਨ ਰੈਲੀ ਤੋਂ ਬਾਅਦ ਭਾਜਪਾ ਨੂੰ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਚੋਟੀ ਦੇ 4 ਨੇਤਾਵਾਂ ਨੂੰ ਗ੍ਰਿਫਤਾਰ ਕਰਨਾ ਹੀ ਕਾਫੀ ਨਹੀਂ ਸੀ, ਹੁਣ ਆਉਣ ਵਾਲੇ ਸਮੇਂ ‘ਚ ਅਗਲੇ ਵੱਡੇ 4 ਨੇਤਾਵਾਂ ਨੂੰ ਜੇਲ੍ਹ ‘ਚ ਡੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੇਰੇ ਘਰ, ਮੇਰੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਘਰਾਂ ‘ਤੇ ਛਾਪੇਮਾਰੀ ਹੋਵੇਗੀ। ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ, ਅਸੀਂ ਭਾਜਪਾ ਦੀ ਧਮਕੀ ਤੋਂ ਡਰਨ ਵਾਲੇ ਨਹੀਂ ਹਾਂ।”

ਇਸ ਦੌਰਾਨ ਭਾਜਪਾ ਨੇ ਵੀ ਆਤਿਸ਼ੀ ਦੇ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਨਸਨੀ ਫੈਲਾਉਣਾ ਚਾਹੁੰਦੀ ਹੈ। ਭਾਜਪਾ ਵੱਲੋਂ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ।

LEAVE A RESPONSE

Your email address will not be published. Required fields are marked *