Amritsar News: ਅੰਮ੍ਰਿਤਪਾਲ ਸਿੰਘ ਤੋਂ ਬਾਅਦ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਮਾਰਨ ਵਾਲੇ ਸੰਦੀਪ ਸਿੰਘ ਵੱਲੋਂ ਵੀ ਚੋਣ ਲੜਨ ਦਾ ਐਲਾਨ
ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ਼ ਸੰਨੀ ਨੇ ਵੀ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੰਨੀ ਨੇ ਇਹ ਫੈਸਲਾ ਡਿਬਰੂਗੜ੍ਹ ਜੇਲ ‘ਚ ਬੰਦ ਖਾਲਿਸਤਾਨ ਸਮਰਥਕ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਤੋਂ ਬਾਅਦ ਲਿਆ ਹੈ। ਸੰਦੀਪ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਤੇ ਉਹ ਅੰਮ੍ਰਿਤਸਰ ਹਲਕੇ ਤੋਂ ਹੀ ਚੋਣ ਲੜੇਗਾ।
ਇਹ ਫੈਸਲਾ ਸੰਦੀਪ ਸਿੰਘ ਦੇ ਪਰਿਵਾਰ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਇਸ ਫੈਸਲੇ ਮੁਤਾਬਕ ਸੰਦੀਪ ਸਿੰਘ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੇਗਾ। ਚੋਣ ਪ੍ਰਕਿਰਿਆ ਜੇਲ੍ਹ ਤੋਂ ਹੀ ਪੂਰੀ ਹੋਵੇਗੀ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਰਹਿ ਕੇ ਚੋਣ ਲੜ ਸਕਦਾ ਹੈ ਤਾਂ ਸੰਨੀ ਵੀ ਚੋਣ ਲੜ ਸਕਦਾ ਹੈ।
ਦੱਸ ਦਈਏ ਕਿ ਸੰਦੀਪ ਸਿੰਘ ਸੰਨੀ ਨੂੰ ਨਵੰਬਰ 2022 ਵਿੱਚ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਦਿਨ ਦਿਹਾੜੇ ਸੂਰੀ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਸੀ। ਫਿਲਹਾਲ ਸੰਨੀ ਨਿਆਇਕ ਹਿਰਾਸਤ ‘ਚ ਹੈ।
ਜਾਂਚ ‘ਚ ਸਾਹਮਣੇ ਆਇਆ ਸੀ ਕਿ ਸੰਨੀ ਮੰਦਰ ਦੇ ਕੋਲ ਕੱਪੜੇ ਦੀ ਦੁਕਾਨ ਚਲਾਉਂਦਾ ਸੀ। ਸੰਨੀ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਸੀ। ਸੁਧੀਰ ਸੂਰੀ ਦੀਆਂ ਸਿੱਖ ਵਿਰੋਧੀ ਵੀਡੀਓਜ਼ ਦੇਖਣ ਤੋਂ ਬਾਅਦ ਉਸ ਦੇ ਮਨ ਵਿੱਚ ਉਸ ਪ੍ਰਤੀ ਨਫਰਤ ਦੀ ਭਾਵਨਾ ਪੈਦਾ ਹੋ ਗਈ ਸੀ। ਉਸ ਨੂੰ ਆਪਣੀ ਹੀ ਦੁਕਾਨ ਦੇ ਬਾਹਰ ਵਿਰੋਧ ਕਰਦੇ ਦੇਖ ਉਹ ਗੁੱਸੇ ‘ਚ ਆ ਗਿਆ ਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਸੰਨੀ ਤੋਂ ਪਹਿਲਾਂ ਰਈਆ ਦੇ ਪਿੰਡ ਜੱਲੂ ਖੇੜਾ ਦੇ ਰਹਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਵੀ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਭਾਵੇਂ ਰਈਆ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦਾ ਹੈ ਪਰ ਲੋਕ ਸਭਾ ਸਰਕਲਾਂ ਵਿੱਚ ਇਹ ਇਲਾਕਾ ਖਡੂਰ ਸਾਹਿਬ ਵਿੱਚ ਗਿਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ।
ਉਧਰ, ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਖਡੂਰ ਸਾਹਿਬ ਇਲਾਕੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਸੰਦੀਪ ਸਿੰਘ ਦੇ ਚੋਂ ਲੜਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ।