India

85.5 ਫੀਸਦੀ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫੋਨ, ਅੰਕੜਾ ਮੰਤਰਾਲੇ ਨੇ ਤਾਜ਼ਾ ਸਰਵੇਖਣ ’ਚ ਸਾਂਝੀ ਕੀਤੀ ਜਾਣਕਾਰੀ

ਦੇਸ਼ ਵਿਚ 85.5 ਪ੍ਰਤੀਸ਼ਤ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫੋਨ ਮੌਜੂਦ ਹੈ। ਅੰਕੜਾ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਸਰਵੇਖਣ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ, ਪਿੰਡਾਂ ਵਿਚ 15-29 ਸਾਲ ਦੀ ਉਮਰ ਦੇ ਲਗਪਗ 96.8 ਪ੍ਰਤੀਸ਼ਤ ਲੋਕਾਂ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਿੱਜੀ ਕਾਲ ਕਰਨ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਲਈ ਘੱਟੋ-ਘੱਟ ਇਕ ਵਾਰੀ ਮੋਬਾਈਲ ਫੋਨ ਦੀ ਵਰਤੋਂ ਕੀਤੀ ਹੈ। ਸ਼ਹਿਰੀ ਖੇਤਰਾਂ ਵਿਚ ਮੋਬਾਈਲ ਫੋਨ ਦੀ ਵਰਤੋਂ 97.6 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ

ਰਵੇਖਣ ਅਨੁਸਾਰ, ਪਿੰਡਾਂ ਵਿਚ 15-29 ਸਾਲ ਦੀ ਉਮਰ ਦੇ ਲਗਪਗ 95.5 ਪ੍ਰਤੀਸ਼ਤ ਲੋਕਾਂ ਕੋਲ ਸਮਾਰਟਫੋਨ ਹੈ। ਸ਼ਹਿਰੀ ਖੇਤਰਾਂ ਵਿਚ ਇਸੇ ਉਮਰ ਦੇ ਲਗਪਗ 97.6 ਪ੍ਰਤੀਸ਼ਤ ਲੋਕਾਂ ਕੋਲ ਸਮਾਰਟਫੋਨ ਹਨ। ਸਰਵੇਖਣ ਵਿਚ 15-29 ਸਾਲ ਦੀ ਉਮਰ ਦੇ 99.5 ਪ੍ਰਤੀਸ਼ਤ ਲੋਕਾਂ ਨੇ ਯੂਪੀਆਈ ਰਾਹੀਂ ਆਨਲਾਈਨ ਬੈਂਕਿੰਗ ਲੈਣ-ਦੇਣ ਕਰਨ ਦੀ ਸਮਰੱਥਾ ਹੋਣ ਦੀ ਜਾਣਕਾਰੀ ਦਿੱਤੀ ਹੈ।

 

ਸਰਵੇਖਣ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਦੇਸ਼ ਵਿਚ ਲਗਪਗ 86.3 ਪ੍ਰਤੀਸ਼ਤ ਘਰਾਂ ਵਿਚ ਘਰੇਲੂ ਇੰਟਰਨੈੱਟ ਦੀ ਸਹੂਲਤ ਮੌਜੂਦ ਹੈ। ਕਰੀਬ 97.1 ਪ੍ਰਤੀਸ਼ਤ ਵਿਅਕਤੀਆਂ ਨੇ ਸਰਵੇਖਣ ਦੀ ਤਰੀਕ ਤੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਮੋਬਾਈਲ ਫੋਨ (ਸਮਾਰਟਫੋਨ ਸਮੇਤ) ਦੀ ਵਰਤੋਂ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ, 85.1 ਪ੍ਰਤੀਸ਼ਤ ਵਿਅਕਤੀਆਂ ਨੇ ਮੋਬਾਈਲ ਜਾਂ ਕੰਪਿਊਟਰ ਵਰਗੇ ਉਪਕਰਨਾਂ ਦੀ ਵਰਤੋਂ ਕਰਕੇ “ਸੰਦੇਸ਼ (ਈ-ਮੇਲ, ਸੰਦੇਸ਼ ਸੇਵਾ, ਐੱਸਐੱਮਐੱਸ) ਭੇਜਣ” ਦੀ ਜਾਣਕਾਰੀ ਦਿੱਤੀ। ਇਹ ਸਰਵੇਖਣ ਅੰਡਮਾਨ ਅਤੇ ਨਿਕੋਬਾਰ ਦੇ ਕੁਝ ਪਿੰਡਾਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਕੀਤਾ ਗਿਆ ਹੈ। ਸਰਵੇਖਣ ਵਿਚ ਕੁੱਲ 34,950 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ 19,071 ਪਿੰਡ ਅਤੇ 15,879 ਸ਼ਹਿਰੀ ਪਰਿਵਾਰ ਸ਼ਾਮਲ ਹਨ।

LEAVE A RESPONSE

Your email address will not be published. Required fields are marked *