Flash News Politics Punjab

CM ਮਾਨ ਦਾ ਵੱਡਾ ਐਲਾਨ: ‘ਦੋ-ਤਿੰਨ ਦਿਨਾਂ ’ਚ ਕਰਾਂਗਾ ਵੱਡੇ ਲੀਡਰਾਂ ਦਾ ਪਰਦਾਫ਼ਾਸ਼’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ’ਚ ਉਹ ਸੂਬੇ ਦੇ ਉਨ੍ਹਾਂ ਵੱਡੇ ਲੀਡਰਾਂ ਦਾ ਪਰਦਾਫ਼ਾਸ਼ ਕਰਨਗੇ, ਜਿਨ੍ਹਾਂ ਨੇ ਆਪਣੀਆਂ ਨਿੱਜੀ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਸਰਕਾਰੀ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਦਿੱਤੀਆਂ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ, ਜਿਸ ਲਈ ਇਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਆਉਣ ਵਾਲੇ ਦਿਨਾਂ ’ਚ ਇਨ੍ਹਾਂ ਆਗੂਆਂ ਦੇ ਅਸਲ ਕਿਰਦਾਰ ਆਮ ਲੋਕਾਂ ਸਾਹਮਣੇ ਬੇਪਰਦ ਕੀਤੇ ਜਾਣਗੇ। ਜਲੰਧਰ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਸਧਾਰਨ ਘਰ ’ਚ ਜਨਮੇ ਹਨ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਦਾ ਇਹੀ ਵਹਿਮ ਸੀ ਕਿ ਉਨ੍ਹਾਂ ਕੋਲ ਰਾਜ ਕਰਨ ਦਾ ਬੁਨਿਆਦੀ ਹੱਕ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਸੂਬੇ ਦਾ ਸ਼ਾਸਨ ਏਨੇ ਬਿਹਤਰ ਢੰਗ ਨਾਲ ਕਿਵੇਂ ਚਲਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਲੰਬਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਲੋਕ ਇਨ੍ਹਾਂ ਦੇ ਝਾਂਸੇ ’ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਵੱਡੇ ਲੀਡਰ ਕਹਾਉਂਦੇ ਸਿਆਸਤਦਾਨਾਂ ਨੂੰ ਲੋਕਾਂ ਨੇ ਸਿਆਸੀ ਗੁਮਨਾਮੀ ’ਚ ਭੇਜ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਲੋਕਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਸੀ, ਜਿਸ ਕਾਰਨ ਲੋਕਾਂ ਨੇ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਨੂੰ ਸਬਕ ਸਿਖਾਇਆ ਸੀ। ਇਹ ਹੰਕਾਰੀ ਆਗੂ ਆਪਣੇ ਲੋਕ ਵਿਰੋਧੀ ਕੰਮਾਂ ਕਾਰਨ ਸਿਆਸੀ ਨਕਸ਼ੇ ਤੋਂ ਗ਼ਾਇਬ ਹੋ ਗਏ।

ਅਕਾਲੀ ਦਲ ਕੱਢ ਰਿਹਾ ‘ਪਰਿਵਾਰ ਬਚਾਓ ਯਾਤਰਾ

ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਡਰਾਮੇਬਾਜ਼ੀ ਦਾ ਅਸਲੀ ਨਾਂ ‘ਪਰਿਵਾਰ ਬਚਾਓ ਯਾਤਰਾ’ ਹੈ। 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਦੀ ਬੁਰੀ ਤਰ੍ਹਾਂ ਲੁੱਟ-ਖਸੁੱਟ ਕੀਤੀ ਹੈ ਅਤੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਜਜ਼ਬਾਤੀ ਤੌਰ ”ਤੇ ਠੇਸ ਪਹੁੰਚਾਈ ਹੈ ਅਤੇ ਇੱਥੋਂ ਤੱਕ ਕਿ ਸੂਬੇ ਅੰਦਰ ਮਾਫ਼ੀਏ ਦੀ ਪੁਸ਼ਤਪਨਾਹੀ ਕੀਤੀ। ਲੋਕ ਅਕਾਲੀਆਂ ਤੇ ਬਾਦਲ ਪਰਿਵਾਰ ਦੇ ਦੋਗਲੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਨ, ਜਿਸ ਕਾਰਨ ਹੁਣ ਇਨ੍ਹਾਂ ਦੇ ਢਕਵੰਜ ਨਹੀਂ ਚੱਲਣਗੇ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦੇ ਦੋਗਲੇ ਚਿਹਰੇ ਨੂੰ ਨਹੀਂ ਭੁੱਲੇ।

ਬਣ ਗਏ ‘ਸਿਆਸੀ ਚੌਧਰੀ’

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਕਿਸੇ ਜਮਾਤ ਤੋਂ ਰਹਿਤ ਲੋਕਤੰਤਰ ਦੀ ਕਲਪਨਾ ਕੀਤੀ ਸੀ, ਜਿੱਥੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੇ ਅਸਲੀ ਸੇਵਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ’ਚ ਇਹ ਚੁਣੇ ਹੋਏ ਨੁਮਾਇੰਦੇ ਸਰਕਾਰੀ ਖ਼ਜ਼ਾਨੇ ’ਚੋਂ ਵੱਡੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਲੈ ਕੇ ‘ਸਿਆਸੀ ਚੌਧਰੀ’ ਬਣ ਗਏ। ਇਨ੍ਹਾਂ ਨੂੰ ਦਿੱਤੀ ਜਾਣ ਵਾਲੀ ਇਸ ਸਹੂਲਤ ਦਾ ਸਾਰਾ ਬੋਝ ਟੈਕਸ ਦੇਣ ਵਾਲਿਆਂ ’ਤੇ ਪਿਆ ਸੀ ਕਿਉਂਕਿ ਇਨ੍ਹਾਂ ਆਗੂਆਂ ਦਾ ਪੈਸਾ ਲੋਕ ਭਲਾਈ ਲਈ ਵਰਤੇ ਜਾਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਕਈ-ਕਈ ਪੈਨਸ਼ਨਾਂ ਦੇਣ ”ਤੇ ਬਰਬਾਦ ਕੀਤਾ ਗਿਆ।

ਬੰਦ ਰਹਿੰਦੇ ਸਨ ਮਹਿਲਾਂ ਦੇ ਦਰਵਾਜ਼ੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਸਿਰਤੋੜ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕੀਤੀ ਤੇ ਦੌਲਤ ਇਕੱਠੀ ਕਰ ਕੇ ਵੱਡੇ-ਵੱਡੇ ਮਹਿਲ ਉਸਾਰੇ ਹਨ ਅਤੇ ਇਨ੍ਹਾਂ ਮਹਿਲਾਂ ਦੀਆਂ ਕੰਧਾਂ ਉੱਚੀਆਂ ਕਰ ਲਈਆਂ, ਜਿਨ੍ਹਾਂ ਦੇ ਦਰਵਾਜ਼ੇ ਆਮ ਤੌਰ ”ਤੇ ਲੋਕਾਂ ਲਈ ਬੰਦ ਹੀ ਰਹਿੰਦੇ ਹਨ। ਇਹ ਆਗੂ ਆਮ ਲੋਕਾਂ ਨੂੰ ਕਦੇ ਮਿਲੇ ਹੀ ਨਹੀਂ ਜਿਸ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਮਹਿਲਾਂ ’ਚ ਹੀ ਬਿਠਾ ਦਿੱਤਾ।

ਸਰਕਾਰਾਂ ਨੇ ਅੰਗਰੇਜ਼ਾਂ ਨਾਲੋਂ ਵੀ ਵੱਧ ਲੁੱਟਿਆ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਮਿਲ ਕੇ ਜਨਤਾ ਨੂੰ ਲੁੱਟਣ ਲਈ ਸਿਆਸਤ ਖੇਡੀ। ਇਨ੍ਹਾਂ ਨੇ ਆਮ ਜਨਤਾ ਨੂੰ ਅੰਗਰੇਜ਼ਾਂ ਨਾਲੋਂ ਵੀ ਵੱਧ ਲੁੱਟਿਆ ਪਰ ਇਨ੍ਹਾਂ ਭੋਲੇ-ਭਾਲੇ ਲੋਕਾਂ ਕੋਲ ਉਨ੍ਹਾਂ ਨੂੰ ਵਾਰ-ਵਾਰ ਚੁਣਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਪਰ ਹੁਣ ”ਆਪ” ਦੇ ਰੂਪ ”ਚ ਲੋਕਾਂ ਨੂੰ ਦੇਸ਼ ”ਚ ਇੱਕ ਬਦਲਾਅ ਮਿਲਿਆ ਹੈ ਅਤੇ ਲੋਕ ”ਆਪ” ਦੀ ਚੋਣ ਕਰ ਕੇ ਭਾਜਪਾ ਅਤੇ ਕਾਂਗਰਸ ਨੂੰ ਨਕਾਰ ਰਹੇ ਹਨ।

LEAVE A RESPONSE

Your email address will not be published. Required fields are marked *