Breaking News Flash News Punjab

Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ

ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ (Jagjit Singh Dallewal) ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਖਾਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਅਹਿਮ ਹੈ।

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਤੇ ਡੱਲੇਵਾਲ ‘ਤੇ ਕੋਈ ਤਾਕਤ ਨਹੀਂ ਵਰਤੀ ਜਾਣੀ ਚਾਹੀਦੀ। ਸੁਪਰੀਮ ਕੋਰਟ ਨੇ ਇਹ ਹੁਕਮ ਸ਼ੰਭੂ ਸਰਹੱਦ ਖੋਲ੍ਹਣ ਸਬੰਧੀ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਦਿੱਤੇ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੇ ਆਪਣੀ ਅੰਤ੍ਰਿਮ ਰਿਪੋਰਟ ਵੀ ਸੌਂਪੀ। ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।

ਜ਼ਿਕਰ ਕਰ ਦਈਏ ਕਿ ਡੱਲੇਵਾਲ ਦੇ ਮਰਨ ਵਰਤ ਨੂੰ ਤੋੜਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਐਡਵੋਕੇਟ ਵਾਸੂ ਰੰਜਨ ਨੇ ਪਟੀਸ਼ਨ ‘ਚ ਕਿਹਾ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ।  ਇਸੇ ਦੌਰਾਨ ਅੰਬਾਲਾ ਦੇ ਡੀਸੀ ਨੇ ਸੰਗਰੂਰ ਦੇ ਡੀਸੀ ਨੂੰ ਪੱਤਰ ਭੇਜ ਕੇ ਡੱਲੇਵਾਲ ਦੇ ਮਰਨ ਵਰਤ ਕਾਰਨ ਅੰਬਾਲਾ ਵਿੱਚ ਵਿਗੜ ਰਹੀ ਅਮਨ-ਕਾਨੂੰਨ ’ਤੇ ਚਿੰਤਾ ਪ੍ਰਗਟਾਈ ਹੈ। ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਕਿਹਾ ਹੈ।

ਦਿਲ ਦਾ ਦੌਰਾ ਪੈਣ ਦਾ ਖ਼ਤਰਾ

ਜ਼ਿਕਰ ਕਰ ਦਈਏ ਕਿ ਡੱਲੇਵਾਲ ਦੇ ਮਰਨ ਵਰਤ ਦਾ ਅੱਜ ਸ਼ੁੱਕਰਵਾਰ 18ਵਾਂ ਦਿਨ ਹੈ। ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਡੱਲੇਵਾਲ ਕੈਂਸਰ ਦਾ ਵੀ ਮਰੀਜ਼ ਹੈ। ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਮਾਹਿਰਾਂ ਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਸ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਕਿਹਾ ਗਿਆ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਵਜ਼ਨ ਕਰੀਬ 12 ਕਿਲੋ ਘਟ ਗਿਆ ਹੈ। ਗੁਰਦੇ ਦੇ ਨੁਕਸਾਨ ਦਾ ਖਤਰਾ ਹੈ। ਉਸ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇਸ ਤੋਂ ਇਲਾਵਾ ਉਸ ਦੇ ਲੀਵਰ ਨਾਲ ਵੀ ਸਮੱਸਿਆ ਹੋ ਸਕਦੀ ਹੈ। ਉਸ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲਗਾਤਾਰ ਘੱਟ ਰਿਹਾ ਹੈ

LEAVE A RESPONSE

Your email address will not be published. Required fields are marked *