ਲਾਰੇਂਸ ਇੰਟਰਵਿਊ ਮਾਮਲੇ ‘ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ
ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਮਾਮਲੇ ‘ਚ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ‘ਤੇ ਬਣਾਈ ਗਈ ਐਸਆਈਟੀ ਨੇ 7 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕੁਤਾਹੀ ਅਤੇ ਲਾਪਰਵਾਹੀ ਵਰਤਣ ਦਾ ਦੋਸ਼ੀ ਮੰਨਿਆ ਹੈ। ਜਿਸ ਤੋਂ ਬਾਅਦ ਸਾਰਿਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਗੈਂਗਸਟਰ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਐਸਆਈਟੀ ਦੀ ਰਿਪੋਰਟ ਮੁਤਾਬਕ ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2022 ਨੂੰ ਹੋਇਆ ਸੀ। ਲਾਰੈਂਸ ਉਸ ਸਮੇਂ ਸੀਆਈਏ ਖਰੜ ਵਿੱਚ ਰੱਖਿਆ ਗਿਆ ਸੀ। ਦੂਜੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਸਥਿਤ ਕੇਂਦਰੀ ਜੇਲ੍ਹ ਵਿੱਚ ਹੋਈ ਹੈ।
ਪਹਿਲੀ ਇੰਟਰਵਿਊ ‘ਚ ਲਈ ਸੀ ਮੂਸੇਵਾਲਾ ਨੂੰ ਮ*ਰਵਾਉਣ ਦੀ ਜ਼ਿੰਮੇਵਾਰੀ
ਦੱਸ ਦਈਏ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ, 2022 ਨੂੰ ਬ੍ਰਾਡਕਾਸਟ ਕੀਤਾ ਗਿਆ ਸੀ। ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਫਸ ਰਿਹਾ ਸੀ। ਮੂਸੇਵਾਲਾ ਦਾ ਆਪਣੇ ਕਾਲਜ ਦੇ ਦੋਸਤ, ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਹੱਥ ਸੀ। ਇਸੇ ਲਈ ਉਸ ਨੂੰ ਮਰਵਾਇਆ। ਐਸਆਈਟੀ ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਹੈ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤਾ ਸੀ।
ਦੂਜੀ ਇੰਟਰਵਿਊ ਵਿੱਚ ਉਸ ਨੇ ਬੈਰਕਾਂ ਤੋਂ ਕਾਲ ਕਰਨ ਦਾ ਦਿੱਤਾ ਸਬੂਤ
ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਦਿਖਾਉਂਦਿਆਂ ਹੋਇਆਂ ਦੱਸਿਆ ਸੀ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਕੋਲ ਮੋਬਾਈਲ ਫੋਨ ਆ ਜਾਂਦਾ ਹੈ ਅਤੇ ਉਸ ਵਿਚ ਸਿਗਨਲ ਵੀ ਹੈ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਕਾਲ ਕਰ ਲੈਂਦਾ ਹੈ।
ਲਾਰੈਂਸ ਨੇ ਅੰਦਰੋਂ ਮੋਬਾਈਲ ਆਉਣ ਦੀ ਜਾਣਕਾਰੀ ਵੀ ਦਿੱਤੀ ਸੀ। ਲਾਰੈਂਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।