Breaking News Flash News Punjab

Gangster Goldy Brar: ਗੈਂ.ਗ.ਸ.ਟ.ਰ ਗੋਲਡੀ ਬਰਾੜ ਦਾ ਨਾਂ ‘ਮੋਸਟ ਵਾਂਟੇਡ’ ਸੂਚੀ ‘ਚੋਂ ਹਟਾਇਆ

ਕੈਨੇਡਾ ਸਰਕਾਰ ਨੇ ਭਾਰਤ ਵੱਲੋਂ ਵਾਂਟੇਡ ਐਲਾਨੇ ਗਏ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਆਪਣੀ ‘ਮੋਸਟ ਵਾਂਟੇਡ’ ਸੂਚੀ ‘ਚੋਂ ਹਟਾ ਦਿੱਤਾ ਹੈ। ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ਦਾ ਕਾਰਨ ਭਾਰਤ ਤੇ ਕੈਨੇਡਾ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ‘ਚ ਚੱਲ ਰਿਹਾ ਵਿਵਾਦ ਮੰਨਿਆ ਜਾ ਰਿਹਾ ਹੈ।

ਕੈਨੇਡਾ ‘ਚ ਲੁਕੇ ਗੋਲਡੀ ਬਰਾੜ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ ਤੇ ਭਾਰਤ ਸਰਕਾਰ ਨੇ ਉਸ ਖਿਲਾਫ ਇੰਟਰਪੋਲ ਰੈੱਡ ਨੋਟਿਸ ਵੀ ਜਾਰੀ ਕੀਤਾ ਸੀ। ਕੈਨੇਡਾ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ NIA ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ ਕਿ ਕੈਨੇਡਾ ਸਰਕਾਰ ਨੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਆਪਣੀ ਵਾਂਟੇਡ ਸੂਚੀ ‘ਚੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਜਿਹੇ ਅਪਰਾਧੀਆਂ ਤੇ ਕੱਟੜਪੰਥੀਆਂ ਨੂੰ ਪਨਾਹ ਦੇ ਰਿਹਾ ਹੈ ਜੋ ਭਾਰਤ ਦੀ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ।

ਸੰਜੇ ਵਰਮਾ ਨੇ ਕਿਹਾ ਕਿ ਕੈਨੇਡਾ ਵੱਲੋਂ ਗੋਲਡੀ ਬਰਾੜ ਦਾ ਨਾਂ ਹਟਾਉਣ ਦਾ ਫੈਸਲਾ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਕੂਟਨੀਤਕ ਮੁੱਦਿਆਂ ਦਾ ਹਿੱਸਾ ਹੈ। ਕੈਨੇਡਾ ਦਾ ਇਹ ਰਵੱਈਆ ਅੱਤਵਾਦ ਵਿਰੁੱਧ ਕਾਰਵਾਈ ਵਿੱਚ ਸਹਿਯੋਗ ਦੀ ਕਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਸਮੇਤ ਕੁਝ ਗੈਂਗਸਟਰਾਂ ਦੇ ਨਾਂ ਕੈਨੇਡਾ ਨੂੰ ਮੁਹੱਈਆ ਕਰਵਾਏ ਹਨ ਤਾਂ ਜੋ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਦੇ ਬਾਵਜੂਦ ਗੋਲਡੀ ਬਰਾੜ ਦਾ ਨਾਂ ਹਟਾਉਣ ਦੇ ਫੈਸਲੇ ਨੇ ਭਾਰਤ ਵਿੱਚ ਸੁਰੱਖਿਆ ਤੇ ਨਿਆਂ ਨਾਲ ਜੁੜੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੱਸ ਦਈਏ ਕਿ ਗੋਲਡੀ ਬਰਾੜ ਦਾ ਲੰਮਾ ਅਪਰਾਧਿਕ ਇਤਿਹਾਸ ਹੈ ਤੇ ਭਾਰਤ ਵਿੱਚ ਉਸ ਖਿਲਾਫ ਕਾਰਵਾਈਆਂ ਦੀ ਲੰਮੀ ਸੂਚੀ ਹੈ। ਗੋਲਡੀ ਬਰਾੜ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਮੰਨਿਆ ਗਿਆ ਹੈ। ਮਈ 2022 ਵਿੱਚ ਜਦੋਂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਉਸ ਦੇ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਂਝਾ ਬਦਲਾ ਸੀ।

ਇਸ ਤੋਂ ਇਲਾਵਾ ਗੋਲਡੀ ਬਰਾੜ ਪੰਜਾਬ ਵਿੱਚ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਮੁਲਜ਼ਮ ਹੈ। ਉਸ ‘ਤੇ ਹਥਿਆਰਾਂ ਦੀ ਤਸਕਰੀ, ਕਤਲ ਤੇ ਧਮਕਾਉਣ ਵਰਗੇ ਅਪਰਾਧਾਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਬਰਾੜ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਉਸ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈ ਤੇ ਉਸ ਨੂੰ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਮੰਨਿਆ ਹੈ।

 

LEAVE A RESPONSE

Your email address will not be published. Required fields are marked *