ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਸਿਖਰਾਂ ‘ਤੇ ਹੈ। ਸਰਪੰਚੀ ਦੇ ਚਾਹਵਾਨ ਹਰ ਉਮੀਦਵਾਰ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਤੇ 2 ਕਰੋੜ ਰੁਪਏ ਤਕ ਦੀ ਬੋਲੀ ਲੱਗਣ ਦੀ ਵੀਡੀਓ ਸਾਹਮਣੇ ਆ ਰਹੀ ਹੈ ਤਾਂ ਕਿਤੇ ਚੋਣ ਪ੍ਰਚਾਰ ਦੌਰਾਨ ਕੀਤੇ ਜਾ ਰਹੇ ਵਾਅਦਿਆਂ ਦੀ। ਇਸੇ ਤਰ੍ਹਾਂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿੱਥੇ ਖ਼ੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ ਵਿਅਕਤੀ ਵੱਲੋਂ ਪਿੰਡ ਵਾਸੀਆਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ।
ਵਾਇਰਲ ਵੀਡੀਓ ਵਿਚ ਉਕਤ ਵਿਅਕਤੀ ਪਿੰਡ ਵਾਲਿਆਂ ਨੂੰ ਵਾਅਦਾ ਕਰ ਰਿਹਾ ਹੈ ਕਿ ਜਿਸ ਦਿਨ ਔਰਤਾਂ ਵੋਟ ਪਾਉਣ ਆਉਣਗੀਆਂ, ਤਾਂ ਮੇਰੇ ਵੱਲੋਂ ਉਨ੍ਹਾਂ ਨੂੰ 1100 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਕ ਸਰਦੀਆਂ ਦੇ ਮੱਦੇਨਜ਼ਰ 1 ਡਬਲ ਬੈੱਡ ਵਾਲਾ ਕੰਬਲ ਤੇ ਸੂਟ ਵੀ ਮਿਲੇਗਾ। ਇਸ ਦੇ ਨਾਲ ਹੀ ਉਹ ਪਿੰਡ ਵਾਲਿਆਂ ਨੂੰ ਵਾਅਦਾ ਕਰਦਾ ਹੈ ਕਿ ਜੇ ਉਹ ਸਰਪੰਚ ਬਣ ਗਿਆ ਤਾਂ ਉਹ ਨਹਿਰਾਂ ਵਾਲਿਆਂ ਨੂੰ 20 ਕਿੱਲੇ ਜ਼ਮੀਨ ਦੇਵੇਗਾ। ਇਹ ਗੱਲ ਉਹ ਅਸ਼ਟਾਮ ਪੇਪਰ ‘ਤੇ ਲਿਖ ਕੇ ਦੇਣ ਲਈ ਵੀ ਤਿਆਰ ਹੈ।
ਫ਼ਿਰ ਉਕਤ ਵਿਅਕਤੀ ਸਕੂਲੀ ਬੱਚਿਆਂ ਲਈ ਐਲਾਨ ਕਰਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਵਰਦੀ ਦੇਵੇਗਾ। ਇਸ ਤੋਂ ਇਲਾਵਾ ਨਹਿਰਾਂ ਦੇ ਨਾਲ ਲੱਗਦੇ ਪਿੰਡ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਜਾਣ ਲਈ ਆਟੋ ਜਾਂ ਵੈਨ ਦੀ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਦਾ ਵੀ ਵਾਅਦਾ ਕਰਦਾ ਹੈ। ਉਕਤ ਵਿਅਕਤੀ ਦੇ ਹਰ ਐਲਾਨ ‘ਤੇ ਪਿੰਡ ਵਾਸੀਆਂ ਵੱਲੋਂ ਤਾੜੀਆਂ ਮਾਰੇ ਜਾਣ ਦੀ ਆਵਾਜ਼ ਵੀ ਸੁਣਦੀ ਹੈ। ਇਹ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਦੱਸੀ ਜਾ ਰਹੀ ਹੈ।