Flash News Punjab

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਹੈਰੀਟੇਜ ਸਟਰੀਟ ’ਤੇ ਫੋਟੋਆਂ ਖਿੱਚ ਰਹੇ ਕੁਝ ਫੋਟੋਗ੍ਰਾਫਰਾਂ ਦੇ ਕੈਮਰੇ ਨਿਹੰਗ ਸਿੰਘਾਂ ਨੇ ਖੋਹ ਲਏ। ਇਸ ਤੋਂ ਬਾਅਦ ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਫੋਟੋ ਖਿੱਚਣੀ ਹੈ ਤਾਂ ਇਸ ਜਗ੍ਹਾ ਤੋਂ ਦੂਰ ਕਿਤੇ ਹੋਰ ਸਥਾਨ ’ਤੇ ਫੋਟੋ ਖਿੱਚੋ। ਨਿਹੰਗ ਸਿੰਘਾਂ ਨੇ ਦੱਸਿਆ ਕਿ ਇੱਥੇ ਲੋਕ ਅਤੇ ਕੁਝ ਜੋੜੇ ਕਈ ਤਰ੍ਹਾਂ ਮਾੜੇ ਐਕਸ਼ਨ ਅਤੇ ਪੋਜ਼ ਦੇ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਹਨ, ਜਿਸ ਨਾਲ ਇਸ ਧਾਰਮਿਕ ਰਸਤੇ ਦੀ ਮਰਿਆਦਾ ਦੀ ਉਲੰਘਣਾ ਕਰਦੇ ਹਨ।

ਜੇਕਰ ਅਜਿਹੇ ਲੋਕਾਂ ਨੇ ਫੋਟੋ ਖਿਚਵਾਉਣੀ ਹੈ ਤਾਂ ਹੈਰੀਟੇਜ ਸਟਰੀਟ ਤੋਂ ਦੂਰ ਚਲੇ ਜਾਣ ਕਿਉਂਕਿ ਹੈਰੀਟੇਜ ਸਟਰੀਟ ਇਕ ਧਾਰਮਿਕ ਮਾਰਗ ਹੈ ਅਤੇ ਇਸ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੈਰੀਟੇਜ ਸਟਰੀਟ ’ਤੇ ਇਕ ਪ੍ਰੀ-ਵੈਡਿੰਗ ਫੋਟੋਸ਼ੂਟ ਵੀ ਕਿਸੇ ਨੇ ਕਰਵਾਇਆ ਸੀ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹੀ ਐੱਸ. ਜੀ. ਪੀ. ਸੀ. ਹਰਕਤ ਵਿਚ ਆਈ ਅਤੇ ਇੱਥੇ ਕਿਸੇ ਵੀ ਤਰ੍ਹਾਂ ਦੇ ਫੋਟੋਸ਼ੂਟ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਨਿਹੰਗ ਸਿੰਘਾਂ ਨੇ ਫੋਟੋਗ੍ਰਾਫ਼ਰਾਂ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਭਵਿੱਖ ਵਿੱਚ ਅਜਿਹਾ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਉਹ ਆਪਣੇ ਪੱਧਰ ’ਤੇ ਕਾਰਵਾਈ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਆਪਣੀ ਹੋਵੇਗੀ।

ਵਰਨਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਤੋਂ ਇਲਾਵਾ ਹੈਰੀਟੇਜ ਸਟਰੀਟ ’ਤੇ ਵੱਡੀ ਗਿਣਤੀ ’ਚ ਫੋਟੋਗ੍ਰਾਫਰ ਹਨ, ਜੋ ਕਿ ਲੋਕਾਂ ਨੂੰ ਆਵਾਜ਼ਾਂ ਮਾਰ ਕੇ ਫੋਟੋ ਖਿਚਾਉਣ ਲਈ ਕਹਿੰਦੇ ਹਨ। ਵਰਨਨਯੋਗ ਹੈ ਕਿ ਕੁਝ ਸਮਾਂ ਪਹਿਲੇ ਪਾਰਟੀਸ਼ਨ ਮਿਊਜ਼ੀਅਮ ਦੇ ਨਾਲ ਫੂਡ ਸਟਰੀਟ ਅਤੇ ਕੁਝ ਹੋਰ ਚੀਜ਼ਾਂ ਖੁੱਲ੍ਹੀਆਂ ਹਨ, ਉਦੋਂ ਤੋਂ ਹੀ ਇਸ ਸਥਾਨਾਂ ਤੇ ਫੋਟੋ ਸ਼ੂਟ ਹੋਣ ਲੱਗੇ ਹਨ। ਕੁਝ ਨੌਜਵਾਨ ਕੈਮਰੇ ਚੁੱਕ ਕੇ ਯੁਵਾ ਯੁਵਤੀਆਂ ਦੇ ਉਹਨਾਂ ਦੇ ਅੱਗੇ ਪੋਜ ਦੇ ਕੇ ਫੋਟੋ ਖਿਚਾਉਂਦੇ ਹਨ ।

ਨਿਹੰਗ ਸਿੰਘ ਸਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਨੌਜਵਾਨ ਫੋਟੋਗ੍ਰਾਫਰਾਂ ਨੂੰ ਕੁਝ ਸਮਾਂ ਪਹਿਲਾਂ ਵੀ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ , ਪਰ ਕੁਝ ਸਮੇਂ ਬਾਅਦ ਇਨ੍ਹਾਂ ਨੇ ਮੁੜ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਬੀਤੀ ਰਾਤ ਇਨ੍ਹਾਂ ਨੌਜਵਾਨਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਭਵਿੱਖ ਵਿੱਚ ਅਜਿਹਾ ਨਾ ਕਰਨ। ਉਨ੍ਹਾਂ ਦੱਸਿਆ ਕਿ ਇਹ ਧਾਰਮਿਕ ਸਥਾਨ ਹੈ ਨਾ ਕਿ ਸੈਲਾਨੀ ਸਥਾਨ। ਇਸ ਲਈ ਇਸ ਦੀ ਪੂਰੀ ਧਾਰਮਿਕ ਮਰਿਆਦਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਲੋਕ ਆਪਣੀਆਂ ਫੋਟੋਆਂ ਖਿੱਚਣ ਲਈ ਕਈ ਵਾਰ ਅਸ਼ਲੀਲ ਪੋਜ਼ ਦੇਣ ਤੋਂ ਵੀ ਨਹੀਂ ਝਿਜਕਦੇ, ਜੋ ਕਿ ਗਲਤ ਹੈ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਫੋਟੋਗ੍ਰਾਫ਼ਰਾਂ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਉਹ ਦੂਰ-ਦੁਰਾਡੇ ਜਾ ਕੇ ਆਪਣਾ ਕੰਮ ਕਰਨ ਅਤੇ ਕਿਉਂਕਿ ਇਹ ਹੈਰੀਟੇਜ ਸਟੇਟ ਇੱਕ ਪਵਿੱਤਰ ਰਸਤਾ ਹੈ।

LEAVE A RESPONSE

Your email address will not be published. Required fields are marked *