ਗੁੱਡੂ ਅੰਕਲ ਚਿਪਸ ਦਿਵਾਉਣ ਦਾ ਕਹਿ ਕੇ ਲੈ ਗਏ ਤੇ ਫ਼ਿਰ…’ 6 ਸਾਲਾ ਮਾਸੂਮ ਨੇ ਰੋ-ਰੋ ਸੁਣਾਈ ਹੱਡਬੀਤੀ
ਲੁਧਿਆਣਾ ਥਾਣਾ ਜੋਧੇਵਾਲ ਦੀ ਪੁਲਸ ਨੇ ਬੀਤੀ ਰਾਤ ਇਕ ਮੁਲਜ਼ਮ ਖਿਲਾਫ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 16 ਅਗਸਤ ਨੂੰ ਉਸ ਦੀ 6 ਸਾਲ ਦੀ ਲੜਕੀ ਕਿਤੇ ਲਾਪਤਾ ਹੋ ਗਈ ਹੈ, ਜਿਸ ਤੋਂ ਬਾਅਦ ਉਹ ਆਪਣੀ ਲੜਕੀ ਨੂੰ ਉਕਤ ਮੁਹੱਲੇ ’ਚ ਲੱਭਣ ਦਾ ਯਤਨ ਕਰਨ ਲੱਗੇ।
ਆਪਣੇ ਘਰ ਦੀ ਕੁਝ ਦੂਰੀ ’ਤੇ ਆਪਣੀ ਬੇਟੀ ਨੂੰ ਆਵਾਜ਼ ਲਗਾਉਂਦੇ ਹੋਏ ਪੁੱਜੇ ਤਾਂ ਇਕਦਮ ਉਨ੍ਹਾਂ ਦੀ ਲੜਕੀ ਸਾਹਮਣੇ ਆਈ ਅਤੇ ਉਸ ਨੇ ਦੱਸਿਆ ਕਿ ਉਕਤ ਇਲਾਕੇ ’ਚ ਸਬਜ਼ੀ ਵੇਚਣ ਦਾ ਕੰਮ ਕਰਨ ਵਾਲਾ ਰਮੇਸ਼ ਲਾਲ ਉਰਫ ਗੁੱਡੂ ਪੁੱਤਰ ਚਰਨ ਦਾਸ ਵਾਸੀ ਜੰਮੂ ਹਾਲ ਵਾਸੀ ਇੰਦਰ ਵਿਹਾਰ ਕਾਲੋਨੀ ਨੂਰਵਾਲਾ ਰੋਡ, ਉਸ ਨੂੰ ਚਿਪਸ ਦੇਣ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ, ਜਿਥੇ ਉਕਤ ਵਿਅਕਤੀ ਨੇ ਕੱਪੜੇ ਉਤਾਰ ਦਿੱਤੇ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੀੜਤ ਲੜਕੀ ਨੂੰ ਮਹਿਲਾ ਗਲੀ ’ਚ ਆਵਾਜ਼ ਲਗਾ ਰਹੀ ਸੀ ਤਾਂ ਉਸੇ ਸਮੇਂ ਮੁਲਜ਼ਮ ਔਰਤ ਦੀ ਆਵਾਜ਼ ਸੁਣ ਕੇ ਪੀੜਤ ਲੜਕੀ ਨੂੰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਉਸ ਦੀ ਲੜਕੀ ਨੇ ਦੱਸਿਆ ਕਿ ਗੁੱਡੂ ਅੰਕਲ ਉਸ ਨਾਲ ਗਲਤ ਕੰਮ ਕਰ ਰਿਹਾ ਸੀ, ਤਾਂ ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਔਰਤ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ ਥਾਣਾ ਜੋਧੇਵਾਲ ’ਚ ਪੋਕਸੋ ਐਕਟ ਤਹਿਤ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕਰ ਲਿਆ। ਪੁਲਸ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।