Breaking News Flash News Punjab

Heavy rain alert: ਹਿਮਾਚਲ ‘ਚ ਭਾਰੀ ਬਾਰਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ

ਹਿਮਾਚਲ ਵਿਚ ਭਾਰੀ ਬਾਰਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਖੜ੍ਹਾ ਹੋ ਗਿਆ ਹੈ। ਪਹਾੜਾਂ ਵਿਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ੍ਹ ਗਏ ਹਨ। ਪਠਾਨਕੋਟ ਅਤੇ ਉਪਰ ਪਹਾੜੀ ਖੇਤਰ ਵਿੱਚ ਮੀਂਹ ਪੈਣ ਕਾਰਨ ਉਝ, ਚੱਕੀ ਅਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਉਝ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪੱਤਣ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ।

ਇਧਰ, ਪੰਜਾਬ ਤੇ ਹਰਿਆਣਾ ਵਿਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਦੋਵਾਂ ਸੂਬਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਕੱਲ੍ਹ ਹੋਈ ਭਾਰੀ ਬਾਰਿਸ਼ ਕਾਰਨ ਕਈ ਸ਼ਹਿਰਾਂ ਜਲ-ਥਲ ਹੋ ਗਿਆ। ਹੁਣ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਵਿਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇੱਥੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਸੇ ਦੌਰਾਨ ਪਠਾਨਕੋਟ ਦੇ ਸੱਤ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ। ਅਜਿਹੇ ਵਿਚ ਮਕੌੜਾ ਪੱਤਣ ’ਤੇ ਦਰਿਆ ਵਿਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ। ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡ ਤੂਰ, ਚੇਬੇ, ਮਮੀਆ, ਲਸਿਆਨ ਆਦਿ ਵਿਚ ਪਾਣੀ ਭਰ ਗਿਆ ਅਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲੋਂ ਸੰਪਰਕ ਟੁੱਟ ਗਿਆ। ਇਸੇ ਤਰ੍ਹਾਂ ਪੰਜਾਬ ਅਤੇ ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ’ਤੇ ਤਿੰਨ ਪੁਲ ਰੁੜ੍ਹਨ ਤੋਂ ਬਚਾਉਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਚੈੱਕ ਡੈਮ ਦਾ ਅਸਰ ਡੈਮ ਹੇਠਾਂ ਪੈਂਦੀ ਜ਼ਮੀਨ ਉਪਰ ਪੈਣਾ ਸ਼ੁਰੂ ਹੋ ਗਿਆ।

ਇਸੇ ਦੌਰਾਨ ਗੜ੍ਹਸ਼ੰਕਰ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਇੱਕ ਇਨੋਵਾ ਕਾਰ ਮੀਂਹ ਕਾਰਨ ਪਿੱਛੋਂ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ ਅਤੇ ਇਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਨੌਂ ਮੈੈਂਬਰਾਂ ਸਮੇਤ ਦਸ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕਾਰ ਡਰਾਈਵਰ ਵੀ ਸ਼ਾਮਲ ਹੈ। ਇਲਾਕਾ ਵਾਸੀਆਂ ਨੇ ਭਾਰੀ ਮੁਸ਼ੱਕਤ ਮਗਰੋਂ ਇੱਕ ਵਿਅਕਤੀ ਨੂੰ ਬਚਾਅ ਲਿਆ ਹੈ।

LEAVE A RESPONSE

Your email address will not be published. Required fields are marked *