ਪੰਜਾਬ ”ਚ ਵੱਧਣ ਲੱਗੀ ਇਹ ਬੀਮਾਰੀ, ਪਾਜ਼ੇਟਿਵ ਨਿਕਲਣ ਲੱਗੇ ਮਰੀਜ਼, ਇੰਝ ਕਰ ਸਕਦੇ ਹੋ ਬਚਾਅ
ਬਦਲਦੇ ਮੌਸਮ ਨੂੰ ਲੈ ਕੇ ਪੰਜਾਬ ਵਿਚ ਡੇਂਗੂ ਦੀ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਲੱਗਾ ਹੈ। ਜਲੰਧਰ ਜ਼ਿਲ੍ਹੇ ‘ਚ ਡੇਂਗੂ ਦਾ ਇਕ ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11’ਤੇ ਪਹੁੰਚ ਗਈ ਹੈ। ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਸਥਾਨਕ ਮਾਡਲ ਹਾਊਸ ਦੀ ਰਹਿਣ ਵਾਲੀ 18 ਸਾਲਾ ਕੁੜੀ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕੁੜੀ 14 ਜੁਲਾਈ ਨੂੰ ਸਥਾਨਕ ਗੜ੍ਹਾ ਰੋਡ ’ਤੇ ਸਥਿਤ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਵਿਚ ਦਾਖ਼ਲ ਹੋਈ ਸੀ ਅਤੇ ਉਥੋਂ ਉਸ ਦਾ ਸੈਂਪਲ ਡੇਂਗੂ ਬੁਖ਼ਾਰ ਦੀ ਪੁਸ਼ਟੀ ਲਈ ਸਰਕਾਰੀ ਲੈਬਾਰਟਰੀ ਵਿਚ ਭੇਜਿਆ ਗਿਆ ਸੀ।
ਡਾ. ਆਦਿੱਤਿਆ ਨੇ ਦੱਸਿਆ ਕਿ ਡੇਂਗੂ ਪਾਜ਼ੇਟਿਵ ਆਈ ਉਕਤ ਲੜਕੀ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਜਾ ਚੁੱਕੀ ਹੈ। ਵਿਭਾਗ ਦੀਆਂ ਟੀਮਾਂ ਨੇ ਅਹਿਤਿਆਤ ਦੇ ਤੌਰ ’ਤੇ ਸ਼ਨੀਵਾਰ ਨੂੰ ਮਾਡਲ ਹਾਊਸ ਇਲਾਕੇ ਵਿਚ 71 ਘਰਾਂ ਦਾ ਸਰਵੇ ਕੀਤਾ ਅਤੇ ਲੋਕਾਂ ਦੀ ਸਿਹਤ ਦੀ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਸਰਵੇ ਕਰਨ ਵਾਲੀਆਂ ਟੀਮਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕਰ ਰਹੀਆਂ ਹਨ।
ਡਗੂ ਤੋਂ ਇੰਝ ਕਰ ਸਕਦੇ ਹੋ ਬਚਾਅ
ਡੇਂਗੂ ਬੁਖ਼ਾਰ ਫ਼ੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਖੜ੍ਹੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ
-ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।
-ਵਿਹੜੇ ਵਿਚ ਜਾਂ ਛੱਤ ’ਤੇ ਟੁੱਟੇ ਗਮਲੇ, ਭਾਂਡੇ ਅਤੇ ਪੁਰਾਣੇ ਟਾਇਰ ਨਾ ਰੱਖੋ।
-ਕੂਲਰ ਦਾ ਪਾਣੀ ਹਫਤੇ ਵਿਚ ਇਕ ਵਾਰ ਜ਼ਰੂਰ ਬਦਲੋ।
-ਪਾਣੀ ਦੇ ਡਰੰਮਾਂ ਅਤੇ ਟੈਂਕੀਆਂ ਨੂੰ ਢੱਕਣ ਲਾ ਕੇ ਰੱਖੋ।
-ਬੁਖ਼ਾਰ ਹੋਣ ਦੀ ਸਥਿਤੀ ਵਿਚ ਤੁਰੰਤ ਡਾਕਟਰ ਤੋਂ ਸਲਾਹ ਲਓ।