Flash News Politics Punjab

Akali Dal: ਸੁਖਬੀਰ ਬਾਦਲ ਦੀ ਕੁਰਸੀ ‘ਤੇ ਸਿਆਸੀ ਸੰਕਟ, ਮਜੀਠੀਆ ਨੇ ਧਾਰੀ ਚੁੱਪੀ, ਕੀ ਪ੍ਰਧਾਨ ਬਦਲਣ ਦਾ ਸੰਕੇਤ ਦੇ ਰਹੀ ਖਾਮੋਸ਼ੀ ?

ਸ਼੍ਰੋਮਣੀ ਅਕਾਲੀ ਦਲ ‘ਚ ਉੱਠੀ ਬਗ਼ਾਵਤ ਅਤੇ ਅੰਦਰੂਨੀ ਕਲੇਸ਼ ਦਰਮਿਆਨ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਇਸ ਪੂਰੇ ਮਾਮਲੇ ‘ਤੇ ਚੁੱਪ ਹਨ। ਬਿਕਰਮ ਮਜੀਠੀਆ ਦੀ ਚੁੱਪ ਨੂੰ ਲੈ ਕੇ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਉਹ ਮੌਜੂਦਾ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਬਿਆਨ ਅਜੇ ਤੱਕ ਨਹੀਂ ਆਇਆ ਹੈ ਪਰ ਮਜੀਠੀਆ ਦਾ ਅਗਲਾ ਕਦਮ ਕੀ ਹੋਵੇਗਾ ਅਤੇ ਉਹ ਕਿਸੇ ਧੜੇ ਨਾਲ ਰਹਿਣਗੇ ਜਾਂ ਨਹੀਂ ਇਸ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਪਰ ਸਿਆਸੀ ਹਲਕਿਆਂ ਨੂੰ ਬਿਕਰਮ ਮਜੀਠੀਆ ਦੀ ਇਹ ਖ਼ਾਮੋਸ਼ੀ ਰੜਕ ਰਹੀ ਹੈ। ਖ਼ਾਸ ਕਰਕੇ ਉਦੋਂ ਇਸ ਦੇ ਮਾਅਨੇ ਹੋਰ ਡੂੰਘੇ ਹੋ ਜਾਂਦੇ ਹਨ ਜਦੋਂ ਮਜੀਠੀਆ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਬਣੇ ਸਿਆਸੀ ਸੰਕਟ ਮੌਕੇ ਚੁੱਪ ਧਾਰ ਲੈਂਦੇ ਹਨ।

ਮਜੀਠੀਆ ਪੰਜਾਬ ਵਿਚ ਹਰ ਸਿਆਸੀ ਗਤੀਵਿਧੀ ‘ਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ ਹਨ। ਅਕਾਲੀ ਦਲ ਵਿਚ ਛਿੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਅਜੇ ਤੱਕ – ਕੋਈ ਟਿੱਪਣੀ ਨਹੀਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ‘ਚੋਂ ਮਜੀਠੀਆ ਗੈਰਹਾਜ਼ਰ ਹਨ। ਪਹਿਲਾਂ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨਹੀਂ ਆਏ ਅਤੇ ਫਿਰ ਬਾਕੀ ਮੀਟਿੰਗਾਂ ‘ਚ ਵੀ ਗ਼ੈਰਹਾਜ਼ਰ ਹੋਏ ਹਨ।

ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਮਜੀਠੀਆ ਗ਼ਾਇਬ ਰਹੇ ਸਨ। ਮਜੀਠੀਆ ਨੇ ਚੋਣ ਪ੍ਰਚਾਰ ਦੇ ਮਾਮਲੇ ਵਿਚ ਖ਼ੁਦ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਸੰਸਦੀ ਹਲਕੇ ਤੱਕ ਸੀਮਤ ਕੀਤਾ ਹੋਇਆ ਸੀ। ਸੂਤਰਾਂ ਮੁਤਾਬਕ ਹਫ਼ਤਾ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਸਨ ਅਤੇ ਦੋ ਦਿਨਾਂ ਮਗਰੋਂ ਮੁੜ ਵਾਪਸ ਚਲੇ ਗਏ। ਕੋਈ ਆਖ ਰਿਹਾ ਹੈ ਕਿ ਮਜੀਠੀਆ ਆਪਣੇ ਪਰਿਵਾਰਕ ਰੁਝੇਵੇਂ ਵਿਚ ਹਨ। ਏਨਾ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਸਨ।

LEAVE A RESPONSE

Your email address will not be published. Required fields are marked *