Flash News Punjab

Monsoon Update: ਪੰਜਾਬ ‘ਚ ਕਦੋਂ ਪਹੁੰਚੇਗੀ ਮਾਨਸੂਨ? ਬਾਰਸ਼ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਕੀਤਾ ਸਪਸ਼ਟ

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਸਭ ਦੀਆਂ ਨਜ਼ਰਾਂ ਮਾਨਸੂਨ ਉੱਪਰ ਲੱਗੀਆਂ ਹੋਈਆਂ ਹਨ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੂਨ ਦੇ ਅੰਤ ਤੱਕ ਮਾਨਸੂਨ ਉੱਤਰੀ ਭਾਰਤ ਵਿੱਚ ਪਹੁੰਚ ਸਕਦੀ ਹੈ ਤੇ ਜੁਲਾਈ ਵਿੱਚ ਚੰਗੀ ਬਾਰਸ਼ ਹੋ ਸਕਦੀ ਹੈ। ਉਂਝ ਮਾਨਸੂਨ ਤੋਂ ਪਹਿਲਾਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ।

ਦਰਅਸਲ ਇਸ ਸਾਲ ਤੈਅ ਸਮੇਂ ਤੋਂ ਤਿੰਨ ਦਿਨ ਪਹਿਲਾਂ ਕੇਰਲ ਵਿੱਚ ਪਹੁੰਚਣ ਵਾਲੀ ਮਾਨਸੂਨ ਹੁਣ ਬ੍ਰੇਕ ਲੱਗ ਗਈ ਹੈ ਮਾਨਸੂਨ ਬਹੁਤ ਮੱਠੀ ਚਾਲ ਅੱਗੇ ਵਧ ਰਹੀ ਹੈ। ਇਸ ਕਾਰਨ ਦੇਸ਼ ਦੇ ਕਈ ਰਾਜ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਲੋਕ ਕੜਾਕੇ ਦੀ ਗਰਮੀ ਦਾ ਕਹਿਰ ਝੱਲ ਰਹੇ ਹਨ। ਖਾਸ ਕਰਕੇ ਬਿਹਾਰ, ਝਾਰਖੰਡ, ਯੂਪੀ, ਮੱਧ ਪ੍ਰਦੇਸ਼, ਦਿੱਲੀ ਤੇ ਪੰਜਾਬ-ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ।

ਮੌਸਮ ਵਿਭਾਗ (IMD) ਦੇ ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਯਾਨੀ ਜੂਨ ਦੇ ਆਖਰੀ ਹਫਤੇ ਤੱਕ ਮਾਨਸੂਨ ਦੀ ਰਫਤਾਰ ਪਹਿਲਾਂ ਵਾਂਗ ਹੀ ਰਹੇਗੀ ਪਰ ਇਸ ਤੋਂ ਬਾਅਦ ਇਹ ਰਫਤਾਰ ਫਿਰ ਤੇਜ਼ ਹੋ ਜਾਵੇਗੀ। ਇਸ ਸਮੇਂ ਮਾਨਸੂਨ ਦੀ ਉੱਤਰੀ ਸੀਮਾ ਨਵਸਾਰੀ, ਜਲਗਾਓਂ, ਅਮਰਾਵਤੀ, ਚੰਦਰਪੁਰ, ਬੀਜਾਪੁਰ, ਸੁਕਮਾ, ਮਲਕਾਜਗਿਰੀ, ਵਿਜ਼ਿਆਨਗਰਮ ਤੇ ਇਸਲਾਮਪੁਰ ਦੇ ਨੇੜੇ ਪਹੁੰਚੀ ਹੈ, ਜੋ 11 ਜੂਨ ਦੀ ਮਾਨਸੂਨ ਰੇਖਾ ਦੇ ਆਸਪਾਸ ਹੈ।

ਇਸ ਦਾ ਮਤਲਬ ਹੈ ਕਿ 11 ਜੂਨ ਤੋਂ ਬਾਅਦ ਮਾਨਸੂਨ ਜ਼ਿਆਦਾ ਅੱਗੇ ਨਹੀਂ ਵਧੀ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਮਾਨਸੂਨ ਦੀ ਬਾਰਸ਼ ਹੁਣ ਤੱਕ ਔਸਤ ਨਾਲੋਂ 20 ਫੀਸਦੀ ਘੱਟ ਦਰਜ ਕੀਤੀ ਗਈ ਹੈ। ਉੱਤਰ-ਪੱਛਮੀ ਭਾਰਤ ਵਿੱਚ 1 ਜੂਨ ਤੋਂ ਬਾਅਦ ਮਾਨਸੂਨ ਦੀ ਬਾਰਸ਼ ਵਿੱਚ 68 ਫੀਸਦੀ ਕਮੀ ਆਈ ਹੈ, ਜਦੋਂਕਿ ਮੱਧ ਭਾਰਤ ਵਿੱਚ ਇਹ 29 ਫੀਸਦੀ ਤੇ ਪੂਰਬੀ ਭਾਰਤ ਤੇ ਉੱਤਰ-ਪੂਰਬੀ ਭਾਰਤ ਵਿੱਚ ਇਹ 20 ਫੀਸਦੀ ਘੱਟ ਰਹੀ ਹੈ। ਹਾਲਾਂਕਿ, ਦੱਖਣੀ ਪ੍ਰਾਇਦੀਪ ਭਾਰਤ ਵਿੱਚ ਇਹ ਔਸਤ ਨਾਲੋਂ 17 ਪ੍ਰਤੀਸ਼ਤ ਵੱਧ ਦਰਜ ਕੀਤੀ ਗਈ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ ਤੇ ਪੰਜਾਬ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਆਈਐਮਡੀ ਵੱਲੋਂ ਕਈ ਦਿਨਾਂ ਤੋਂ ਰੈੱਡ ਤੇ ਔਰੇਂਜ਼ ਅਲਰਟ ਜਾਰੀ ਕੀਤਾ ਹੋਇਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ 18 ਜੂਨ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ ਤੇ ਗਰਮੀ ‘ਚ ਮਾਮੂਲੀ ਕਮੀ ਆ ਸਕਦੀ ਹੈ।

ਦੱਸ ਦਈਏ ਕਿ ਆਮ ਤੌਰ ‘ਤੇ ਜੂਨ ਦੇ ਅੰਤ ਤੱਕ ਮਾਨਸੂਨ ਇੱਥੇ ਪਹੁੰਚ ਜਾਂਦੀ ਹੈ ਪਰ ਮੀਂਹ ਨਾ ਪੈਣ ਕਾਰਨ ਪੂਰੇ ਇਲਾਕੇ ਵਿੱਚ ਖੁਸ਼ਕ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 45 ਤੋਂ 48 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਰਾਤਾਂ ਦਾ ਤਾਪਮਾਨ ਵੀ ਆਮ ਨਾਲੋਂ ਉਪਰ ਚੱਲ ਰਿਹਾ ਹੈ। ਰਾਤ ਨੂੰ ਤਾਪਮਾਨ 33 ਡਿਗਰੀ ਦੇ ਆਸਪਾਸ ਰਹਿੰਦਾ ਹੈ।

ਹਾਲਾਂਕਿ, ਮੌਸਮ ਵਿਗਿਆਨੀਆਂ ਨੇ ਮੌਸਮ ਦੇ ਮਾਡਲਾਂ ਦੇ ਆਧਾਰ ‘ਤੇ ਭਵਿੱਖਬਾਣੀ ਕੀਤੀ ਹੈ ਕਿ ਜੂਨ ਦੇ ਅੰਤ ਤੱਕ ਮਾਨਸੂਨ ਸਰਗਰਮ ਹੋ ਜਾਵੇਗਾ ਤੇ ਉੱਤਰ-ਪੱਛਮੀ ਭਾਰਤ ਵਿੱਚ ਜੁਲਾਈ ਵਿੱਚ ਚੰਗੀ ਬਾਰਸ਼ ਹੋ ਸਕਦੀ ਹੈ। ਇਹ ਮਾਨਸੂਨ ਦੇ ਤੈਅ ਸਮੇਂ ਦੇ ਨੇੜੇ-ਤੇੜੇ ਹੀ ਹੋਵੇਗਾ ਕਿਉਂਕਿ ਇਸ ਖੇਤਰ ਵਿੱਚ ਆਮ ਤੌਰ ‘ਤੇ ਜੁਲਾਈ ਵਿੱਚ ਹੀ ਮਾਨਸੂਨ ਦੀ ਚੰਗੀ ਬਾਰਸ਼ ਹੁੰਦੀ ਹੈ।

ਭੂ-ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਐਮ ਰਾਜੀਵਨ ਨੇ ਟਵਿੱਟਰ ‘ਤੇ ਇਕ ਪੋਸਟ ਵਿਚ ਕਿਹਾ, “ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਉੱਤਰ-ਪੱਛਮੀ ਭਾਰਤ ਵਿੱਚ ਵਿਆਪਕ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ।” ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜਲਵਾਯੂ ਮਾਡਲ ਦਰਸਾਉਂਦੇ ਹਨ ਕਿ ਮਾਨਸੂਨ ਜੂਨ ਦੇ ਆਖਰੀ ਹਫਤੇ ਫਿਰ ਤੋਂ ਸਰਗਰਮ ਹੋ ਰਹੀ ਹੈ ਤੇ ਇਹ ਹੋਰ ਅੱਗੇ ਵਧੇਗੀ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਪੂਰੇ ਦੇਸ਼ ਨੂੰ ਕਵਰ ਕਰੇਗੀ

LEAVE A RESPONSE

Your email address will not be published. Required fields are marked *