Flash News Punjab

35 ਸਾਲਾਂ ਬਾਅਦ ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਦੇ ਜ਼ਮੀਨ ‘ਤੇ ਨਹੀਂ ਲੱਗ ਰਹੇ ਪੈਰ

ਖੰਨਾ : ਅੱਜ ਦੇ ਇਸ ਜ਼ਮਾਨੇ ‘ਚ ਵੀ ਕਈ ਲੋਕ ਧੀਆਂ ਨੂੰ ਲੈ ਕੇ ਮਾੜੀ ਸੋਚ ਰੱਖਦੇ ਹਨ ਅਤੇ ਜੇਕਰ ਉਨ੍ਹਾਂ ਦੇ ਘਰ ਧੀ ਦਾ ਜਨਮ ਹੋ ਜਾਵੇ ਤਾਂ ਉਹ ਚਿੰਤਾ ‘ਚ ਡੁੱਬ ਜਾਂਦੇ ਹਨ ਪਰ ਖੰਨਾ ਦੇ ਇਕ ਪਰਿਵਾਰ ਦੇ ਘਰ ਜਦੋਂ 35 ਸਾਲਾਂ ਬਾਅਦ ਧੀ ਨੇ ਜਨਮ ਲਿਆ ਤਾਂ ਪੂਰੇ ਟੱਬਰ ਦੇ ਪੈਰ ਹੀ ਜ਼ਮੀਨ ‘ਤੇ ਨਹੀਂ ਲੱਗ ਰਹੇ। ਉਨ੍ਹਾਂ ਨੇ ਵੱਡੇ ਜਸ਼ਨਾਂ ਨਾਲ ਧੀ ਦਾ ਸੁਆਗਤ ਕੀਤਾ। ਜਾਣਕਾਰੀ ਦਿੰਦੇ ਹੋਏ ਨਵਜੰਮੀ ਬੱਚੀ ਦੇ ਦਾਦਾ ਦੀਦਾਰ ਸਿੰਘ ਬੱਲ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਚ 35 ਸਾਲਾਂ ਬਾਅਦ ਧੀ ਉਨ੍ਹਾਂ ਦੀ ਪੋਤੀ ਦੇ ਰੂਪ ‘ਚ ਆਈ ਹੈ ਅਤੇ ਅੱਜ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਬੱਚੀ ਦੇ ਪਿਤਾ ਬਲਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਇਕ 7 ਸਾਲ ਦੇ ਬੇਟਾ ਹੈ ਅਤੇ ਉਨ੍ਹਾਂ ਦੇ ਘਰ 7 ਸਾਲ ਬਾਅਦ ਧੀ ਨੇ ਜਨਮ ਲਿਆ ਹੈ, ਜਿਸ ਨੂੰ ਉਨ੍ਹਾਂ ਨੇ ਪਰਮਾਤਮਾ ਕੋਲੋਂ ਮੰਗ ਕੇ ਲਿਆ ਹੈ। ਨਵਜੰਮੀ ਧੀ ਨੂੰ ਪਰਿਵਾਰ ਵਾਲੇ ਪੂਰੀ ਤਰ੍ਹਾਂ ਗੁਬਾਰਿਆਂ ਨਾਲ ਸਜੀ ਕਾਰ ‘ਚ ਘਰ ਲੈ ਕੇ ਆਏ। ਬੱਚੀ ਨੂੰ ਘਰ ਅੰਦਰ ਲਿਜਾਣ ਤੋਂ ਪਹਿਲਾਂ ਰਿਸ਼ਤੇਦਾਰਾਂ ਸਮੇਤ ਪੂਰੇ ਪਰਿਵਾਰ ਨੇ ਢੋਲ-ਢਮੱਕੇ ‘ਤੇ ਨੱਚ ਕੇ ਖ਼ੁਸ਼ੀ ਮਨਾਈ ਅਤੇ ਫੁੱਲਾਂ ਦੀ ਵਰਖ਼ਾ ਕਰਕੇ ਧੀ ਨੂੰ ਘਰ ‘ਚ ਪ੍ਰਵੇਸ਼ ਕਰਾਇਆ।

ਪਰਿਵਾਰ ਵਾਲਿਆਂ ਨੇ ਰਿੱਬਨ ਕੱਟ ਕੇ ਆਤਿਸ਼ਬਾਜ਼ੀ ਕੀਤੀ ਅਤੇ ਅਤੇ ਫਿਰ ਕੇਕ ਕੱਟਿਆ। ਇਸ ਮੌਕੇ ਨਵਜੰਮੀ ਬੱਚੀ ਦੇ ਦਾਦਾ, ਪਿਤਾ ਅਤੇ ਮਾਂ ਨੇ ਕਿਹਾ ਕਿ ਸਾਡਾ ਇਹ ਉਨ੍ਹਾਂ ਲੋਕਾਂ ਨੂੰ ਸੁਨੇਹਾ ਹੈ, ਜੋ ਧੀਆਂ ਨੂੰ ਕੁੱਖਾਂ ‘ਚ ਹੀ ਕਤਲ ਕਰ ਦਿੰਦੇ ਹਨ ਪਰ ਧੀ ਕਦੇ ਵੀ ਮਾਪਿਆਂ ‘ਤੇ ਬੋਝ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਧੀਆਂ ਦਾ ਸਤਿਕਾਰ ਕਰੋ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਹੀ ਪਿਆਰ ਕਰੋ।

LEAVE A RESPONSE

Your email address will not be published. Required fields are marked *