Breaking News Flash News India International Politics Punjab

Delhi Liquor Policy Case: ਕੇਜਰੀਵਾਲ ਤੇ ਕਵਿਤਾ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧੀ, 7 ਮਈ ਤੱਕ ਤਿਹਾੜ ‘ਚ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ

ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਨੇਤਾ ਕੇ. ਕਵਿਤਾ ਅਤੇ ਚੰਨਪ੍ਰੀਤ ਸਿੰਘ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਤਿੰਨਾਂ ਦੀ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਇਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਿਲਹਾਲ ਤਿਹਾੜ ਜੇਲ ‘ਚ ਹੀ ਰਹਿਣ ਵਾਲੇ ਹਨ। ਕਵਿਤਾ ਨੂੰ ਵੀ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਸੀਬੀਆਈ ਕੇਸ ਵਿੱਚ ਕਵਿਤਾ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਕੇਜਰੀਵਾਲ, ਕਵਿਤਾ ਅਤੇ ਚੰਨਪ੍ਰੀਤ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ ਮਹੀਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਇਸੇ ਤਰ੍ਹਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਈਡੀ ਨੇ ਕਵਿਤਾ ਨੂੰ 15 ਮਾਰਚ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਚੰਨਪ੍ਰੀਤ ਨੂੰ 15 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਨਿਆਂਇਕ ਹਿਰਾਸਤ ਵਧਾਉਣ ਦਾ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਮੁਖੀ ਦੀ ਇੱਕ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ‘ਚ ਕੇਜਰੀਵਾਲ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਦੀ ਮੌਜੂਦਗੀ ‘ਚ ਰੋਜ਼ਾਨਾ 15 ਮਿੰਟ ਤੱਕ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ, ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਕੇਜਰੀਵਾਲ ਨੂੰ ਜ਼ਰੂਰੀ ਮੈਡੀਕਲ ਇਲਾਜ ਦਿੱਤਾ ਜਾਵੇ।

ਅਦਾਲਤ ਨੇ ਇਹ ਵੀ ਕਿਹਾ ਕਿ ਤਿਹਾੜ ਜੇਲ੍ਹ ਅਧਿਕਾਰੀ ਏਮਜ਼ ਦੇ ਡਾਇਰੈਕਟਰ ਦੁਆਰਾ ਗਠਿਤ ਇੱਕ ਮੈਡੀਕਲ ਬੋਰਡ ਦੀ ਨਿਯੁਕਤੀ ਕਰਨਗੇ, ਜਿਸ ਵਿੱਚ ਇੱਕ ਐਂਡੋਕਰੀਨੋਲੋਜਿਸਟ ਅਤੇ ਡਾਇਬੀਟੌਲੋਜਿਸਟ ਸ਼ਾਮਲ ਹੋਣਗੇ। ਬੋਰਡ ਤੈਅ ਕਰੇਗਾ ਕਿ ਕੇਜਰੀਵਾਲ ਦੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਦੀ ਲੋੜ ਹੈ ਜਾਂ ਨਹੀਂ। ਇਸ ਤੋਂ ਇਲਾਵਾ ਬੋਰਡ ਉਸ ਦੀ ਸਿਹਤ ਨਾਲ ਜੁੜੇ ਹੋਰ ਪਹਿਲੂਆਂ ‘ਤੇ ਵੀ ਗੌਰ ਕਰੇਗਾ।

ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੂੰ ਬਲੱਡ ਸ਼ੂਗਰ ਵਧਣ ਤੋਂ ਬਾਅਦ ਇਨਸੁਲਿਨ ਦਿੱਤੀ ਗਈ। ਤਿਹਾੜ ਦੇ ਇਕ ਅਧਿਕਾਰੀ ਨੇ ਮੰਗਲਵਾਰ (23 ਅਪ੍ਰੈਲ) ਨੂੰ ਦੱਸਿਆ ਕਿ ਏਮਜ਼ ਦੇ ਡਾਕਟਰਾਂ ਦੀ ਸਲਾਹ ‘ਤੇ ਕੇਜਰੀਵਾਲ ਨੂੰ ਸੋਮਵਾਰ ਸ਼ਾਮ ਨੂੰ ਘੱਟ ਡੋਜ਼ ਇਨਸੁਲਿਨ ਦੀਆਂ ਦੋ ਯੂਨਿਟਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਬਲੱਡ ਸ਼ੂਗਰ 217 ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਇਨਸੁਲਿਨ ਦੇਣ ਦਾ ਫੈਸਲਾ ਕੀਤਾ।

 

LEAVE A RESPONSE

Your email address will not be published. Required fields are marked *