Kisan Delhi March: ਕਿਸਾਨ ਅੰਦੋਲਨ ਨੇ ਯਾਦ ਕਰਵਾਈ ਮੂਸੇਵਾਲਾ ਦੀ ਯਾਦ, ਪਿਤਾ ਬਲਕੌਰ ਸਿੰਘ ਦਾ ਭਾਵੁਕ ਟਵੀਟ
ਕਿਸਾਨਾਂ ਦਾ ਦਿੱਲੀ ਅੰਦੋਲਨ ਭਾਗ 2 ਸ਼ੁਰੂ ਹੋ ਗਿਆ ਹੈ ਤਾਂ ਅੱਜ ਕਿਸਾਨਾਂ ਦੇ ਟਰੈਕਟਰਾਂ ‘ਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਗੀਤ ਚੱਲਦੇ ਸੁਣਾਈ ਦੇਣਗੇ। ਦਿੱਲੀ ਕਿਸਾਨ ਮੋਰਚੇ ਨਾਲ ਸਿੱਧੂ ਮੂਸੇਵਾਲਾ ਦੀ ਯਾਦ ਵੀ ਤਾਜ਼ਾ ਹੋ ਗਈ ਹੈ। ਇਸ ਸਬੰਧੀ ਸਿੱਧੂ ਦੇ ਪਰਿਵਾਰ ਨੇ ਵੀ ਮੂਸੇਵਾਲਾ ਦੀ ਕਮੀ ਇੱਕ ਵਾਰ ਮੁੜ ਤੋਂ ਮਹਿਸੂਸ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੁੱਤਰ ਨੂੰ ਯਾਦ ਕੀਤਾ ਐ ਲਿਖਿਆ ਕਿ – ਖੇਤੀ ਦਾ ਕੰਮ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬ ਸੀ। ਉਸ ਦੇ ਦਿਲ ਵਿਚ ਟਰੈਕਟਰਾਂ ਦਾ ਜਨੂੰਨ ਸੀ। ਆਪਣੀ ਮਿੱਟੀ ਨਾਲ ਪਿਆਰ ਨੇ ਉਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਲਈ ਪੂਰੇ ਤਨ-ਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਉਹ ਅੱਜ ਜਿਉਂਦੇ ਹੁੰਦੇ ਤਾਂ ਇਸ ਸੰਘਰਸ਼ ਵਿੱਚ ਸਭ ਤੋਂ ਅੱਗੇ ਹੁੰਦੇ।
ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਦਾ ਸਮਰਥਨ ਕੀਤਾ ਸੀ। ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਬਣ ਚੁੱਕਾ ਸੀ। ਉਸ ਦੀ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੀ। ਪਰ ਟਰੈਕਟਰਾਂ ਨਾਲ ਉਸਦਾ ਪਿਆਰ ਹਮੇਸ਼ਾ ਬਣਿਆ ਰਿਹਾ। ਜਦੋਂ ਵੀ ਉਹ ਭਾਰਤ ਵਿੱਚ ਠਹਿਰਦਾ ਸੀ ਤਾਂ ਰਾਤ ਨੂੰ ਆਪਣੇ ਘਰ ਪਿੰਡ ਮੂਸੇ ਆ ਜਾਂਦਾ ਸੀ।
ਇੱਥੇ ਇੱਕ ਮਹਾਨ ਗਾਇਕ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਸਨ। ਇੱਥੇ ਹੀ ਬੱਸ ਨਹੀਂ ਪਿੰਡ ਮੂਸੇਵਾਲਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਆਲੀਸ਼ਾਨ ਘਰ ਬਣ ਰਿਹਾ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੱਦ ਕੇ ਲਿਆਉਂਦੇ ਸਨ।