ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਰਸਤਿਆਂ ਵਿਚ ਗੈਰ ਸਿੱਖਾਂ ਜਾਂ ਪ੍ਰਵਾਸੀਆਂ ਵੱਲੋਂ ਵੇਚੇ ਜਾ ਰਹੇ ਰੁਮਾਲਾ ਸਾਹਿਬ ਨੂੰ ਲੈਣ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਕਿਉਂਕਿ ਇਨ੍ਹਾਂ ਗੈਰ ਅਤੇ ਪ੍ਰਵਾਸੀ ਲੋਕਾਂ ਵੱਲੋਂ ਸਿੱਖੀ ਸਿਧਾਂਤਾਂ ਨੂੰ ਨਾ ਜਾਣਦੇ ਹੋਏ ਆਉਣ ਵਾਲੀਆਂ ਸੰਗਤਾਂ ਨੂੰ ਭਰਮ ਭੁਲੇਖਿਆਂ ਵਿਚ ਪਾ ਕਿ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੋਸ਼ਲ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤਾ
ਸਿੰਘ ਸਾਹਿਬ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸੂਚਨਾਵਾਂ ਮਿਲ ਰਹੀਆਂ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਵਿਚ ਕੁਝ ਲੋਕਾਂ ਵੱਲੋਂ ਗੁਰੂ ਸਾਹਿਬ ਦੇ ਰੁਮਾਲੇ ਫੜੀਆਂ, ਰੇਹੜੀਆਂ ਜਾਂ ਫਿਰ ਹੱਥਾਂ ਵਿਚ ਲੈ ਕੇ ਸੰਗਤਾਂ ਦੇ ਅੱਗੇ ਪਿੱਛੇ ਘੁੰਮਦੇ ਹੋਏ ਵੇਚੇ ਜਾ ਰਹੇ ਹਨ ਜੋ ਕਿ ਇਕ ਤਰ੍ਹਾਂ ਮਰਿਆਦਾ ਦਾ ਪੂਰੀ ਤਰ੍ਹਾਂ ਨਾਲ ਉਲੰਘਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਦੇਸ਼-ਵਿਦੇਸ਼ਾਂ ਜਾਂ ਫਿਰ ਦੂਜੇ ਸ਼ਹਿਰਾਂ ਵਿੱਚੋਂ ਆਉਣ ਵਾਲੀਆਂ ਸੰਗਤਾਂ ਨੂੰ ਭਰਮਾਉਂਦੇ ਹੋਏ ਇਹ ਕਿਹਾ ਜਾਂਦਾ ਹੈ ਕਿ ਗੁਰੂ ਘਰ ਵਿਖੇ ਰੁਮਾਲਾ ਸਾਹਿਬ ਚੜਾਉਣ ਨਾਲ ਹੀ ਇੱਥੇ ਆਉਣਾ ਸਫਲ ਹੁੰਦਾ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਵਿਖੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਕਿਉਂਕਿ ਇਕ ਸ਼ਰਧਾਲੂ ਵੱਲੋਂ ਆਪਣੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਵਿਖੇ ਆਉਣਾ ਹੀ ਬਹੁਤ ਵੱਡੀ ਗੱਲ ਹੰਦੀ ਹੈ। ਉਨ੍ਹਾਂ ਕਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਜਾ ਫਿਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਾਂ ਹੋਰ ਇਤਿਹਾਸਿਕ ਗੁਰੂ ਧਾਮਾਂ ਵਿਖੇ ਆਉਣ ਵਾਲੀਆਂ ਸੰਗਤਾਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿ ਗੁਰਦੁਆਰਾ ਸਾਹਿਬ ਦੇ ਰਸਤਿਆਂ ਵਿਚ ਲੱਗੀਆਂ ਰੇਹੜੀਆਂ ਫੜੀਆਂ ਤੋਂ ਗੁਰੂ ਘਰਾਂ ਵਿੱਚ ਚੜਾਉਣ ਲਈ ਰੁਮਾਲਾ ਸਾਹਿਬ ਜਾਂ ਫਿਰ ਹੋਰ ਸਿੱਖ ਨਿਸ਼ਾਨ ਵਾਲੀਆਂ ਵਸਤਾਂ ਬਿਲਕੁਲ ਨਾ ਖਰੀਦਣ।