Flash News Punjab

ਯੂਨੀਵਰਸਿਟੀ ਹੋਸਟਲ ਦੇ ਮੈੱਸ ”ਚੋਂ ਨਿਲਕਿਆ ਕੀੜਾ, ਵਿਦਿਆਰਥੀਆਂ ਨੇ ਘੇਰਿਆ ਡੀਨ ਦਫ਼ਤਰ

ਪੰਜਾਬੀ ਯੂਨੀਵਰਸਿਟੀ ਦੇ ਅੰਬੇਡਕਰ ਹੋਸਟਲ ‘ਚ ਉਸ ਸਮੇਂ ਵਿਵਾਦ ਹੋ ਗਿਆ, ਜਦੋਂ ਉੱਥੋਂ ਦੀ ਮੈੱਸ ’ਚ ਇਕ ਵਿਦਿਆਰਥੀ ਦੇ ਖਾਣੇ ’ਚ ਕੀੜਾ ਦਿਖਾਈ ਦਿੱਤਾ। ਰੋਸ ਵਜੋਂ ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈੱਲਫੇਅਰ ਗਰਲਜ਼ ਦਫ਼ਤਰ ਦਾ ਘਿਰਾਓ ਕਰ ਕੇ ਉਸ ਨੂੰ ਬੰਦ ਕਰ ਕੇ ਧਰਨਾ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਦੋਂ ਡੀਨ ਆਪਣੇ ਦਫ਼ਤਰੋਂ ਨਿਕਲ ਕੇ ਜਾਣ ਲੱਗੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਰਸਤੇ ’ਚ ਹੀ ਘੇਰ ਲਿਆ। ਮਾਮਲੇ ਨੂੰ ਵਧਦਾ ਦੇਖ ਕੇ ਡੀਨ ਨੇ ਵਿਦਿਆਰਥੀਆਂ ਨਾਲ ਬੈਠਕ ਕਰ ਕੇ ਗੱਲਬਾਤ ਵੀ ਕੀਤੀ। ਮੈੱਸ ਦੇ ਠੇਕੇਦਾਰ ਖਿਲਾਫ਼ ਕਾਰਵਾਈ ਸਮੇਤ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ।

ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਡਾਈਟ ਰੇਟ 32 ਰੁਪਏ ਕਰ ਦਿੱਤਾ ਗਿਆ ਹੈ ਪਰ ਹੋਸਟਲ ਮੈੱਸ ’ਚ ਉਨ੍ਹਾਂ ਨੂੰ ਗੁਣਵੱਤਾਪੂਰਨ ਖਾਣਾ ਨਹੀਂ ਮਿਲ ਰਿਹਾ ਹੈ। ਰੋਜ਼ਾਨਾ ਅਧਿਕਾਰੀਆਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਰੋਜ਼ਾਨਾ ਹੋਸਟਲ ’ਚ ਉਨ੍ਹਾਂ ਨੂੰ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੀਵਰੇਜ ਜਾਮ ਦੀ ਸਮੱਸਿਆ ਹੈ, ਥਾਂ-ਥਾਂ ਸੀਵਰੇਜ ਜਾਮ ਹੋਣ ਨਾਲ ਚਿੱਕੜ ਅਤੇ ਮੱਛਰ ਪੈਦਾ ਹੋਣ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ, ਜਿਸ ਦੇ ਚਲਦੇ ਮਜਬੂਰਨ ਵਿਰੋਧ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਦਫ਼ਤਰ ’ਚ ਗੱਲ ਕਰਨ ਗਏ ਸਨ ਪਰ ਉਹ ਬਾਹਰ ਚਲੇ ਗਏ, ਜਿਸ ’ਤੇ ਵਿਦਿਆਰਥੀਆਂ ਨੇ ਰਸਤੇ ’ਚ ਹੀ ਉਨ੍ਹਾਂ ਨੂੰ ਰੁਕਣ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਪੂਰੇ ਦਿਨ ਦੀ ਮਸ਼ੱਕਤ ਤੋਂ ਬਾਅਦ ਡਾਈਟ ਰੇਟ 30 ਰੁਪਏ ਕਰਨ, ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ, ਵਿਦਿਆਰਥੀਆਂ ਦੇ ਰੀਡਿੰਗ ਰੂਮ ’ਚ ਏ.ਸੀ. ਲਗਾਉਣ ਦਾ ਵਾਅਦਾ ਕੀਤਾ ਗਿਆ ਹੈ। ਮੈੱਸ ਠੇਕੇਦਾਰ ਖਿਲਾਫ਼ ਟੈਂਡਰ ਰੱਦ ਕਰਨ ਨੂੰ ਵੀ ਕਿਹਾ ਗਿਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਹੋਸਟਲ ਦੀ ਘਾਟ ਕਾਰਨ ਇਕ ਕਮਰੇ ’ਚ 4-4 ਵਿਦਿਆਰਥੀ ਰਹਿ ਰਹੇ ਹਨ। ਇਸ ਲਈ ਨਵਾਂ ਹੋਸਟਲ ਬਣਾਉਣ ਦੀ ਮੰਗ ਕੀਤੀ ਗਈ ਹੈ।

LEAVE A RESPONSE

Your email address will not be published. Required fields are marked *