Breaking News Flash News India International Punjab

ਭਾਰਤੀਆਂ ਤੇ ਪੰਜਾਬੀ ਸਣੇ 9 ਵਿਅਕਤੀਆਂ ਨੇ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, 5 ਗ੍ਰਿਫ਼ਤਾਰ

ਕੈਨੇਡਾ ’ਚ ਸੋਨੇ ਦੀ ਹੁਣ ਤਕ ਦੀ ਸਭ ਤੋਂ ਵੱਡੀ ਲੁੱਟ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 17 ਅਪ੍ਰੈਲ 2023 ਨੂੰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਸੋਨੇ ਦੀ ਚੋਰੀ ਵਿਚ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰ ਕੈਨੇਡਾ ਦੇ ਸਟੋਰੇਜ ਡਿਪੂ ਤੋਂ 6,600 ਸੋਨੇ ਦੀਆਂ ਛੜਾਂ ਚੋਰੀ ਹੋ ਗਈਆਂ ਸਨ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਭਾਰਤੀ ਕਰੰਸੀ ’ਚ ਇਨ੍ਹਾਂ ਦੀ ਕੀਮਤ 1 ਅਰਬ 21 ਕਰੋੜ ਰੁਪਏ ਬਣੇਗੀ।

PunjabKesari

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਬਰੈਂਪਟਨ ਦਾ ਰਹਿਣ ਵਾਲਾ ਪਰਮਪਾਲ ਸਿੱਧੂ (54) ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ। ਗ੍ਰਿਫਤਾਰ ਕੀਤਾ ਗਿਆ ਇਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ (40) ਟੋਰਾਂਟੋ ਨੇੜੇ ਓਕਵਿਲ ਤੋਂ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹੋਰ 3 ਵਿਅਕਤੀਆਂ ਵਿਚ ਬਰੈਂਪਟਨ ਨੇੜੇ ਜਾਰਜਟਾਊਨ ਦਾ ਅਮਾਦ ਚੌਧਰੀ (43), ਟੋਰਾਂਟੋ ਦਾ ਅਲੀ ਰਜ਼ਾ (37) ਅਤੇ ਬਰੈਂਪਟਨ ਦਾ ਪ੍ਰਸਾਦ ਪਰਾਮਾਲਿੰਗਮ (35 ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੁਲਸ ਨੇ ਬਰੈਂਪਟਨ ਦੀ ਸਿਮਰਨਪ੍ਰੀਤ ਪਨੇਸਰ (31), (ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ਦੀ ਕਰਮਚਾਰੀ ਸੀ), ਬਰੈਂਪਟਨ ਦੇ ਅਰਚਿਤ ਗਰੋਵਰ (36) ਅਤੇ ਮਿਸੀਸਾਗਾ ਦੇ ਅਰਸਲਾਨ ਚੌਧਰੀ (42) ਖਿਲਾਫ ਵਾਰੰਟ ਜਾਰੀ ਕੀਤੇ ਹਨ।

ਜਾਣਕਾਰੀ ਅਨੁਸਾਰ 17 ਅਪ੍ਰੈਲ 2023 ਨੂੰ 6,600 ਸੋਨੇ ਦੀਆਂ ਛੜਾਂ ਅਤੇ 400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀ ਕਰੰਸੀ ਨੂੰ 2 ਸਵਿਸ ਬੈਂਕਾਂ ਰਾਇਫਿਸੇਨ ਅਤੇ ਵਾਲਕੈਂਬੀ ਦੁਆਰਾ ਜ਼ਿਊਰਿਖ ਤੋਂ ਟੋਰਾਂਟੋ ਲਿਜਾਇਆ ਜਾ ਰਿਹਾ ਸੀ। ‘ਬੈਂਕਨੋਟਸ’ ਅਤੇ ‘ਗੋਲਡਬਾਰਜ਼’ ਸ਼ਬਦਾਂ ਵਾਲੇ 2 ਕਾਰਗੋ ਸ਼ਿਪਮੈਂਟ ਜ਼ਿਊਰਿਖ ਤੋਂ ਟੋਰਾਂਟੋ ਲਿਆਂਦੇ ਗਏ ਸਨ। ਇਨ੍ਹਾਂ ਨੂੰ ਟੋਰਾਂਟੋ ਏਅਰਪੋਰਟ ’ਤੇ ਏਅਰ ਕੈਨੇਡਾ ਦੇ ਸਟੋਰੇਜ ਡਿਪੂ ’ਤੇ ਸਟੋਰ ਕੀਤਾ ਗਿਆ ਸੀ। ਸਵਿਸ ਬੈਂਕਾਂ ਨੇ ਟੋਰਾਂਟੋ ’ਚ ਸ਼ਿਪਮੈਂਟ ਦੇ ਟ੍ਰਾਂਸਫਰ ਦੀ ਸੁਰੱਖਿਆ ਲਈ ਮਿਆਮੀ ਆਧਾਰਤ ਸੁਰੱਖਿਆ ਕੰਪਨੀ ਬ੍ਰਿੰਕਸ ਨੂੰ ਹਾਇਰ ਕੀਤਾ ਸੀ। ਕਾਰਗੋ ਪਹੁੰਚਣ ਤੋਂ 3 ਘੰਟੇ ਬਾਅਦ ਇਕ ਅਣਪਛਾਤੇ ਵਿਅਕਤੀ ਨੇ 2 ਸ਼ਿਪਮੈਂਟਾਂ ’ਤੇ ਦਾਅਵਾ ਕਰਨ ਲਈ ਏਅਰ ਕੈਨੇਡਾ ਦੇ ਸੁਰੱਖਿਆ ਕਰਮਚਾਰੀਆਂ ਨੂੰ ‘ਵੇਅ ਬਿੱਲ’ ਦੀਆਂ ਜਾਅਲੀ ਕਾਪੀਆਂ ਪੇਸ਼ ਕੀਤੀਆਂ। ਇਕ ਫੋਰਕਲਿਫਟ ਸੋਨੇ ਅਤੇ ਵਿਦੇਸ਼ੀ ਕਰੰਸੀ ਨਾਲ ਭਰੇ ਕੰਟੇਨਰ ਦੇ ਨਾਲ ਪੁੱਜੀ ਅਤੇ ਉਨ੍ਹਾਂ ਨੂੰ ਟਰੱਕ ਵਿਚ ਲੱਦ ਦਿੱਤਾ।

PunjabKesari

ਟਰੱਕ ਦੇ ਜਾਣ ਤੋਂ ਬਾਅਦ ਉਸੇ ਦਿਨ ਰਾਤ 9:30 ਵਜੇ ਜਦੋਂ ਕੈਨੇਡਾ ਵਿਚ ਬ੍ਰਿੰਕਸ ਦੇ ਕਰਮਚਾਰੀ ਸ਼ਿਪਮੈਂਟ ਲੈਣ ਲਈ ਏਅਰ ਕੈਨੇਡਾ ਦੇ ਕਾਰਗੋ ਡਿਪੂ ’ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਪਹਿਲਾਂ ਹੀ ਸ਼ਿਪਮੈਂਟ ਲੈ ਗਿਆ ਹੈ। ਬ੍ਰਿੰਕਸ ਨੇ ਕਾਰਗੋ ਨੂੰ ਲਾਪ੍ਰਵਾਹੀ ਨਾਲ ਸੰਭਾਲਣ ਲਈ ਏਅਰ ਕੈਨੇਡਾ ’ਤੇ ਮੁਕੱਦਮਾ ਕਰ ਦਿੱਤਾ। ਬ੍ਰਿੰਕਸ ਦਾ ਕਹਿਣਾ ਹੈ ਕਿ ਧੋਖਾਧੜੀ ਵਾਲੇ ‘ਵੇਅ ਬਿੱਲ’ ਮਿਲਣ ’ਤੇ ਏਅਰ ਕੈਨੇਡਾ ਦੇ ਕਰਮਚਾਰੀਆਂ ਨੇ ਇਹ ਸ਼ਿਪਮੈਂਟ ਇਕ ਅਣਪਛਾਤੇ ਵਿਅਕਤੀ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਉਹ ਸੋਨੇ ਦੀਆਂ ਛੜਾਂ ਲੈ ਕੇ ਫਰਾਰ ਹੋ ਗਿਆ।

LEAVE A RESPONSE

Your email address will not be published. Required fields are marked *