ਅੱਜ ਗੁਰਦਾਸਪੁਰ ਸਮੇਤ ਪੂਰੇ ਜ਼ਿਲ੍ਹੇ ਵਿਚ ਪਈ ਬਾਰਿਸ਼ ਨੇ ਜਿੱਥੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ, ਉਥੇ ਹੀ ਫਿਰ ਠੰਢਕ ਵਧ ਗਈ ਹੈ। ਹਵਾ ਚੱਲਣ ਦੀ ਸੂਰਤ ਵਿਚ ਫ਼ਸਲ ਖੇਤਾਂ ਵਿਚ ਵਿਛ ਸਕਦੀ ਹੈ। ਇਸੇ ਤਰ੍ਹਾਂ ਸਬਜ਼ੀਆਂ ਵਾਲੀਆਂ ਫ਼ਸਲਾਂ ਲਈ ਵੀ ਜ਼ਿਆਦਾ ਬਾਰਿਸ਼ ਨੁਕਸਾਨਦੇਹ ਹੋ ਸਕਦੀ ਹੈ। ਇਸ ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਲੋਕ ਮੁੜ ਗਰਮ ਕੱਪੜੇ ਪਾਉਣ ਲਈ ਮਜ਼ਬੂਰ ਦਿਖਾਈ ਦਿੱਤੇ ਅਤੇ ਤਾਪਮਾਨ ਵਿਚ ਪਿਛਲੇ ਦਿਨਾਂ ਦੇ ਮੁਕਾਬਲੇ 2 ਡਿਗਰੀ ਸੈਂਟੀਗ੍ਰੇਡ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਸਾਰਾ ਦਿਨ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਆਉਣ ਵਾਲੇ ਕੱਲ ਵੀ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ
ਖਾਸ ਤੌਰ ’ਤੇ ਬਾਰਿਸ਼ ਨੇ ਕਿਸੇ ਫ਼ਸਲ ਦਾ ਕੋਈ ਨੁਕਸਾਨ ਨਹੀਂ ਕੀਤਾ ਪਰ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ 2 ਦਿਨ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਕਾਰਨ ਕਿਸਾਨ ਇਸ ਗੱਲ ਨੂੰ ਲੈ ਚਿੰਤਤ ਹਨ ਕਿ ਜੇਕਰ ਜ਼ਿਆਦਾ ਬਾਰਿਸ਼ ਹੋਈ ਤਾਂ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਦੱਸਣਯੋਗ ਹੈ ਕਿ ਕਣਕ ਦੀ ਫ਼ਸਲ ਦੇ ਸਿੱਟੇ ਨਿਕਲ ਚੁੱਕੇ ਹਨ ਅਤੇ ਦਾਣੇ ਬਣ ਰਹੇ ਹਨ, ਜਿਸ ਕਾਰਨ ਜ਼ਿਆਦਾ ਬਾਰਿਸ਼ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ।




