ਪੰਜਾਬ ਸਰਕਾਰ ਵੱਲੋਂ ਘਰ ਘਰ ਰਾਸ਼ਨ ਵੰਡਣ ਦੀ ਯੋਜਨਾਂ ਨਾਲ ਅਸਲ ਲਾਭਪਾਤਰੀ ਰਹਿ ਜਾਣਗੇ ਵਾਂਝੇ : ਪਰਮਜੀਤ ਸਿੰਘ ਗਿੱਲ
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਣਕ ਦਾ ਆਟਾ ਘਰ-ਘਰ ਪਹੁੰਚਾਉਣ ਦੀ ਯੋਜਨਾ ਸ਼ੁਰੂ ਕਰਕੇ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ 18500 ਡਿਪੂ ਹੋਲਡਰ ਹਨ ਪਰ ਸਰਕਾਰ ਕੋਲ ਸਿਰਫ 1000-1200 ਬਾਇਓਮੈਟ੍ਰਿਕ ਮਸ਼ੀਨਾਂ ਹਨ, ਜੋ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਫੀ ਨਹੀਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲਗਭਗ 35 ਲੱਖ ਤੋਂ ਵੱਧ ਸਮਾਰਟ ਕਾਰਡ ਧਾਰਕ ਹਨ ਅਤੇ ਡੇਢ ਕਰੋੜ ਦੇ ਲੱਗਭੱਗ ਲਾਭਪਾਤਰੀ ਹਨ। ਸਿਰਫ 1100 ਇੰਸਪੈਕਟਰਾਂ ਅਤੇ 1200 ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲਾਭਪਾਤਰੀਆਂ ਨੂੰ ਸਹੀ ਵੰਡ ਨਹੀਂ ਕੀਤੀ ਜਾ ਸਕਦੀ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਸਰ ਬਿਨਾ ਸੋਚੇ ਸਮਝੇ ਫੈਸਲੇ ਲੈਂਦੀ ਹੈ ਅਤੇ ਚਲ ਰਹੀਆਂ ਭਲਾਈ ਯੋਜਨਾਵਾਂ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰਕੇ ਲੋਕਾਂ ਨੂੰ ਭਰਮਾਉਂਦੀ ਹੈ।
ਉਹਨਾਂ ਨੇ ਕਿਹਾ ਕਿ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨਾਲ ਅਸਲ ਲਾਭ ਪਾਤਰੀਆਂ ਨੂੰ ਇਸਦਾ ਲਾਭ ਨਹੀਂ ਪਹੁੰਚੇਗਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਲੋਕਾਂ ਨੂੰ ਸਰਕਾਰ ਦੀ ਯੋਜਨਾ ਦਾ ਲਾਭ ਸਿਆਸੀ ਲਾਹਾ ਲੈਣ ਲਈ ਪਹੁੰਚਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦੀਆਂ ਵੋਟਾਂ ਨੂੰ ਬਟੋਰਿਆ ਜਾ ਸਕੇ।