Flash News Punjab

ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਹੋਵੇਗਾ ਖੁੱਲ੍ਹਾ ਤੇ ਕੀ ਹੋਵੇਗਾ ਬੰਦ!

ਪਿਛਲੇ 10 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।  ਖਨੌਰੀ ਬਾਰਡਰ ’ਤੇ 30 ਦਿਨ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਮਰਨ ਵਰਤ ਨੂੰ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕੀਤੇ ਜਾਣ ਤੱਕ ਜਾਰੀ ਰੱਖਣਗੇ। ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਦੇ ਪੰਜਾਬ ਬੰਦ ਨੂੰ ਲੈ ਕੇ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਕਿਹਾ ਕਿ ਅੱਜ ਅੰਦੋਲਨ ਦੇਸ਼ ਪੱਧਰ ’ਤੇ ਪੁੱਜ ਚੁੱਕਾ ਹੈ ਅਤੇ ਦੇਸ਼ ਭਰ ਵਿਚ ਅੰਦੋਲਨ ਦੀ ਹਮਾਇਤ ਵਿਚ ਕੈਂਡਲ ਮਾਰਚ ਕੀਤੇ ਜਾ ਰਹੇ ਹਨ।

ਕੀ ਹੋਵੇਗਾ ਬੰਦ ਅਤੇ ਕੀ ਹੋਵੇਗਾ ਖੁੱਲ੍ਹਾ

ਕਿਸਾਨ ਨੇਤਾਵਾਂ ਨੇ ਕਿਹਾ ਕਿ 27 ਦਸੰਬਰ ਨੂੰ ਪਿੰਡਾਂ, ਕਸਬਿਆਂ, ਵੱਡੇ ਸ਼ਹਿਰਾਂ ਦੇ ਕਿਸਾਨਾਂ, ਮਜ਼ਦੂਰਾਂ ਵਲੋਂ ਪੈਦਲ ਯਾਤਰਾ ਕਰ ਕੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ, ਸਿੱਖਿਆ ਸੰਸਥਾਵਾਂ ਆਦਿ ਨੂੰ ਬੰਦ ਦੀ ਹਮਾਇਤ ਦੇਣ ਲਈ ਅਰਜ਼ੀ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ, ਮੈਡੀਕਲ ਸਟੋਰ, ਹਸਪਤਾਲ, ਐਂਬੂਲੈਂਸ, ਵਿਆਹ, ਏਅਰਪੋਰਟ ਜਾਣ ਆਦਿ ਨੂੰ ਛੋਟ ਰਹੇਗੀ। ਐੱਸ. ਕੇ. ਐੱਮ. ਗੈਰ-ਸਿਆਸੀ ਅਤੇ ਕੇ. ਐੱਮ. ਐੱਮ. ਵੱਲੋਂ 30 ਦਸੰਬਰ ਨੂੰ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਕਿਸਾਨਾਂ ਨੂੰ 26 ਦਸੰਬਰ ਨੂੰ ਕੀਤੀ ਜਾ ਰਹੀ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ।

ਦੱਸ ਦੇਈਏ ਕਿ ਮੰਗਲਵਾਰ ਨੂੰ ਮਰਨ ਵਰਤ ਦੇ 29ਵੇਂ ਦਿਨ ਕਈ ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ’ਚੋਂ ਬਾਹਰ ਆਏ ਸਨ ਅਤੇ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਸਟ੍ਰੈਚਰ ਉੱਪਰ ਪਾ ਕੇ ਬਾਹਰ ਲਿਆਂਦਾ ਗਿਆ ਸੀ। ਇਸ ਦੌਰਾਨ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਵੀ ਲਿਖਿਆ ਹੈ। ਚਿੱਠੀ ਲਿਖ ਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਓਗੇ ਜਾਂ ਫਿਰ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ।

LEAVE A RESPONSE

Your email address will not be published. Required fields are marked *