Breaking News Flash News Punjab

ਪੰਜਾਬ ਦੇ ਸਕੂਲਾਂ ਬਾਰੇ ਘਰ-ਘਰ ਪੁੱਜਣਗੇ ਸੁਨੇਹੇ, ਜਾਣੋ ਕੀ ਹੈ ਸਰਕਾਰ ਦਾ ਪਲਾਨ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਸੈਸ਼ਨ 2025-26 ਲਈ ‘ਐਡਮਿਸ਼ਨ ਡਰਾਈਵ 2025’ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਸੂਬੇ ਭਰ ‘ਚ ਮੋਬਾਈਲ ਵੈਨ ਮੁਹਿੰਮ ਚਲਾਈ ਜਾਵੇਗੀ ਅਤੇ ਘਰ-ਘਰ ਲੋਕਾਂ ਨੂੰ ਇਸ ਬਾਰੇ ਸੁਨੇਹਾ ਦਿੱਤਾ ਜਾਵੇਗਾ।ਇਸ ਦੇ ਲਈ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਨੂੰ ਅਧਿਕਾਰਤ ਪੱਤਰ ਜਾਰੀ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ’ਦਾਖ਼ਲਾ ਮੁਹਿੰਮ 2025’ ਦਾ ਮੁੱਖ ਟੀਚਾ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਮਿਆਰੀ ਸਿੱਖਿਆ, ਸਮਾਰਟ ਕਲਾਸਰੂਮ, ਮਿਡ-ਡੇਅ-ਮੀਲ, ਮੁਫ਼ਤ ਵਰਦੀ ਅਤੇ ਕਿਤਾਬਾਂ ਵਰਗੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਹਰ ਜ਼ਿਲ੍ਹੇ ‘ਚ ਚਾਰ ਪਹੀਆ ਵਾਹਨ ਕਿਰਾਏ ’ਤੇ ਲੈਣਗੇ
ਇਸ ਮੁਹਿੰਮ ਤਹਿਤ ਹਰੇਕ ਜ਼ਿਲ੍ਹੇ ‘ਚ ਇੱਕ ਵਿਸ਼ੇਸ਼ ਚਾਰ ਪਹੀਆ ਵਾਹਨ ਕਿਰਾਏ ’ਤੇ ਲਿਆ ਜਾਵੇਗਾ, ਜੋ ਕਿ ਨਾਮਾਂਕਣ ਮੁਹਿੰਮ ਦੇ ਮੁੱਖ ਦਫ਼ਤਰ ਵੱਲੋਂ ਭੇਜੇ ਗਏ ਫਲੈਕਸ ਬੋਰਡ, ਸਪੀਕਰਾਂ ਅਤੇ ਸਾਊਂਡ ਸਿਸਟਮ ਨਾਲ ਲੈਸ ਹੋਵੇਗਾ। ਇਹ ਵੈਨ ਆਲੇ-ਦੁਆਲੇ ਦੇ ਇਲਾਕਿਆਂ ‘ਚ ਜਾ ਕੇ ਐਡਮਿਸ਼ਨ ਡਰਾਈਵ 2025 ਨਾਲ ਸਬੰਧਿਤ ਸੁਨੇਹੇ ਫੈਲਾਏਗੀ, ਤਾਂ ਜੋ ਵੱਧ ਤੋਂ ਵੱਧ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਪੰਜਾਬ ਦੀਆਂ ਬੇਹਤਰੀਨ ਨੀਤੀਆਂ, ਸਕੂਲਾਂ ‘ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਪੜ੍ਹਾਉਣ ਦੀ ਗੁਣਵੱਤਾ ਨੂੰ ਦਰਸਾਉਂਦੇ ਛੋਟੇ-ਵੱਡੇ ਇਸ਼ਤਿਹਾਰ, ਪੈਂਪਲੈਟ ਆਦਿ ਵੀ ਵੰਡੇ ਜਾਣਗੇ। ਇਨ੍ਹਾਂ ਪ੍ਰਚਾਰ ਸਮੱਗਰੀਆਂ ਦਾ ਡਿਜ਼ਾਈਨ ਅਤੇ ਸਮੱਗਰੀ ਮੁੱਖ ਦਫ਼ਤਰ ਵੱਲੋਂ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਉਪਲੱਬਧ ਕਰਵਾਈ ਜਾਵੇਗੀ।

ਇਹ ਮੁਹਿੰਮ ਕੁੱਝ ਜ਼ਿਲ੍ਹਿਆਂ ‘ਚ 3 ਦਿਨ ਅਤੇ ਹੋਰਾਂ ‘ਚ 2 ਦਿਨ ਚੱਲੇਗੀ
ਇਸ ਮੁਹਿੰਮ ਤਹਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਵੱਖ-ਵੱਖ ਸਮੇਂ ਲਈ ਮੋਬਾਇਲ ਵੈਨਾਂ ਚਲਾਈਆਂ ਜਾਣਗੀਆਂ। ਇਹ ਵੈਨਾਂ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ‘ਚ 3 ਦਿਨ ਚੱਲਣਗੀਆਂ, ਜਿਸ ਲਈ ਪ੍ਰਤੀ ਜ਼ਿਲ੍ਹਾ 28,000 ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ 2 ਦਿਨ ਚੱਲੇਗੀ, ਜਿਸ ਲਈ ਪ੍ਰਤੀ ਜ਼ਿਲ੍ਹਾ 22,000 ਰੁਪਏ ਰੱਖੇ ਗਏ ਹਨ। ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਕੁੱਲ 12 ਲੱਖ 26 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਬਲਾਕ ਪੱਧਰ ’ਤੇ ਵੀ ਪ੍ਰਚਾਰ ਕੀਤਾ ਜਾਵੇਗਾ
ਦਾਖ਼ਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਾਰੇ 228 ਸਿੱਖਿਆ ਬਲਾਕਾਂ ਨੂੰ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਦਾਖ਼ਲਾ ਫਲੈਕਸ, ਦਾਖ਼ਲਾ ਬੂਥ ਅਤੇ ਹੋਰ ਪ੍ਰਚਾਰ ਸਮੱਗਰੀ ਤਿਆਰ ਕਰਨ ਲਈ ਹਰੇਕ ਬਲਾਕ ਨੂੰ 3000 ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਇਸ ਮੁਹਿੰਮ ਦਾ ਸੁਨੇਹਾ ਹਰ ਜ਼ਿਲ੍ਹੇ ਅਤੇ ਹਰ ਬਲਾਕ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਸਰਕਾਰੀ ਸਕੂਲਾਂ ‘ਚ ਵੱਧ ਤੋਂ ਵੱਧ ਦਾਖ਼ਲੇ ਯਕੀਨੀ ਬਣਾਏ ਜਾ ਸਕਣ।

LEAVE A RESPONSE

Your email address will not be published. Required fields are marked *