ਮਾਨਸੂਨ ਦਾ ਲਗਭਗ ਅੱਧਾ ਸੀਜਨ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਹੁਣ ਤਕ ਆਮ ਤੋਂ ਲਗਭਗ 35 ਫੀਸਦੀ ਘੱਟ ਮੀਂਹ ਦਰਜ ਹੋਇਆ ਹੈ। ਅਗਲੇ ਕੁਝ ਦਿਨ ਸੂਬੇ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅੁਸਾਰ ਮੰਗਲਵਾਰ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੱਧ ਤੋਂ ਭਾਰੀ ਮੀਂਹ ਪੈ ਸਕਦਾ ਹੈ। ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲੀ ਜਦਕਿ ਕਈ ਥਾਈਂ ਹਲਕੀ ਬੂੰਦਾਂ ਬਾਂਦੀ ਤੇ ਕਿਤੇ-ਕਿਤੇ ਦਰਮਿਆਨੀ ਬਾਰਿਸ਼ ਹੋਈ। ਉਥੇ ਹੀ ਗੁਆਂਢੀ ਸੂਬੇ ਹਿਮਾਚਲ ਵਿਚ ਸ਼ਿਮਲਾ ਸਣੇ ਕਈ ਸ਼ਹਿਰਾ ਵਿਚ ਤੇਜ਼ ਧੁੱਪ ਤੋਂ ਬਾਅਦ ਅਚਾਨਕ ਦੁਪਹਿਰ ਬਾਅਦ ਬੱਦਲ ਆਏ ਅਤੇ ਤੇਜ਼ ਮੀਂਹ ਪਿਆ। ਸ਼ਿਮਲੇ ਵਿਚ 26 ਅਤੇ ਕਾਂਗੜਾ ਵਿਚ 24 ਮਿਲੀਮਟਰ ਬਾਰਿਸ਼ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਲਈ ਅਗਲੇ ਦੋ ਤੋਂ ਤਿੰਨ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਕਈ ਇਲਾਕਿਆਂ ਵਿਚ ਹਲਕੀ ਤੋਂ ਮੱਧ ਬਾਰਿਸ਼ ਹੋਈ। ਐਤਵਾਰ ਨੂੰ ਜ਼ਿਲ੍ਹਾ ਸ਼ਿਮਲਾ ਦੇ ਖਦਰਾਲਾ ਵਿਚ 26.6 ਮਿਲੀਮੀਟਰ ਬਾਰਿਸ਼ ਦੇ ਨਾਲ ਸਭ ਤੋਂ ਵੱਧ ਬਾਰਿਸ਼ ਹੋਈ ਜਦਕਿ ਕਾਂਗੜਾ ਜ਼ਿਲ੍ਹਾ ਦੇ ਘਰੂਰ ਵਿਚ 24.0 ਮਿ.ਮੀ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਸੌਲੀ, ਸ਼ਿਮਲਾ, ਕੁਫਰੀ, ਨਾਹਨ, ਨਾਰਕੰਡਾ, ਮੰਡੀ, ਜੋਗਿੰਦਰਨਗਰ, ਚੰਬਾ, ਧਰਮਸ਼ਾਲਾ, ਹਮੀਰਪੁਰ ਅਤੇ ਬਰਠੀ ਵਿਚ ਵੀ ਮੀਂਹ ਪਿਆ ਹੈ। ਗੌਰਤਲਬ ਹੈ ਕਿ ਬੀਤੇ ਸ਼ਨੀਵਾਰ ਨੂੰ ਹਿਮਾਚਲ ਵਿਚ ਬੱਦਲ ਫਟਣ ਕਾਰਣ ਸੜਕਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਲਗਭਗ 135 ਸੜਕਾਂ ਪ੍ਰਭਾਵਿਤ ਹੋਈਆਂ ਸਨ। ਜਿਸ ਕਾਰਣ ਕਈ ਥਾਈਂ ਲੋਕ ਫਸ ਗਏ ਸਨ।
ਭਾਖੜਾ ਵਿਚ ਖਤਰੇ ਦੇ ਨਿਸ਼ਾਨ ਤੋਂ 50 ਫੁੱਟ ਹੇਠਾਂ ਪਾਣੀ
ਘੱਟ ਮੀਂਹ ਦਾ ਅਸਰ ਭਾਖੜਾ ‘ਤੇ ਪਾਣੀ ਦੇ ਪੱਧਰ ‘ਤੇ ਵੀ ਨਜ਼ਰ ਆ ਰਿਹਾ ਹੈ। ਫਿਲਹਾਲ ਭਾਖੜਾ ਵਿਚ ਪਾਣੀ ਦਾ ਪੱਧਰ 1630 ਫੁੱਟ ‘ਤੇ ਹੈ, ਜਦਕਿ ਪਿਛਲੇ ਸਾਲ ਮਾਨਸੂਨ ਵਿਚ ਚੰਗੀ ਬਾਰਿਸ਼ ਹੋਈ ਸੀ ਅਤੇ ਪਾਣੀ ਦਾ ਪੱਧਰ 1660 ਫੁੱਟ ਤਕ ਪਹੁੰਚ ਗਿਆ ਸੀ ਪਰ ਇਸ ਵਾਰ ਆਸ ਮੁਤਾਬਕ ਮੀਂਹ ਨਹੀਂ ਪਿਆ ਹੈ।