Flash News Punjab

ਪੰਜਾਬ ’ਚ ਮੁੜ ਵਧਿਆ ਤਾਪਮਾਨ, ਭਲਕੇ ਤੋਂ ਬਦਲੇਗਾ ਮੌਸਮ ! ਜਾਣੋ ਕਦੋਂ ਪਵੇਗਾ ਮੀਂਹ

ਪੰਜਾਬ ਵਿੱਚ ਅੱਜ ਯਾਨੀ ਕਿ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ । ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਪਰ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਨਸੂਨ ਫਿਰ ਤੋਂ ਸਰਗਰਮ ਹੋ ਸਕਦਾ ਹੈ । ਸੁਸਤ ਮਾਨਸੂਨ ਕਰਕੇ ਐਤਵਾਰ ਨੂੰ ਪੰਜਾਬ ਵਿੱਚ ਤਾਪਮਾਨ ਵਿੱਚ ਵਾਧਾ ਦੇਖਣਨੂੰ ਮਿਲਿਆ ਹੈ। ਸੂਬੇ ਦਾ ਔਸਤ ਤਾਪਮਾਨ 2.2 ਡਿਗਰੀ ਵੱਧ ਪਾਇਆ ਗਿਆ। ਇਸ ਦੇ ਨਾਲ ਹੀ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 38.7 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਘੱਟ ਬਾਰਿਸ਼ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ । ਪੰਜਾਬ ਵਿੱਚ 1 ਜੂਨ ਤੋਂ 25 ਅਗਸਤ ਤੱਕ 34 ਫੀਸਦੀ ਘੱਟ ਮੀਂਹ ਪਿਆ ਹੈ । ਇਸ ਪੂਰੇ ਸੀਜ਼ਨ ਵਿੱਚ ਹੁਣ ਤੱਕ 226.2 MM. ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ, ਜਦਕਿ ਹੁਣ ਤੱਕ 341.7 MM. ਬਾਰਿਸ਼ ਹੋਣੀ ਚਾਹੀਦੀ ਸੀ। ਉੱਥੇ ਹੀ ਅਗਸਤ ਮਹੀਨੇ ਨੇ ਵੀ ਪੰਜਾਬ ਨੂੰ ਨਿਰਾਸ਼ ਹੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ ਨੂੰ ਆਮ ਸ਼੍ਰੇਣੀ ਵਿੱਚ ਰੱਖਿਆ ਹੈ ਪਰ ਅਗਸਤ ਮਹੀਨੇ ਵਿੱਚ ਵੀ 15 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇੱਥੇ 125.8 ਮਿਲੀਮੀਟਰ ਵਰਖਾ ਦੀ ਬਜਾਏ ਸਿਰਫ਼ 107.2 MM.ਬਾਰਿਸ਼ ਹੀ ਹੋਈ ਹੈ।

ਦੱਸ ਦੇਈਏ ਕਿ ਘੱਟ ਬਾਰਿਸ਼ ਦਾ ਅਸਰ ਉੱਤਰੀ ਭਾਰਤ ਦੇ ਡੈਮਾਂ ਦੇ ਪਾਣੀ ਦੇ ਪੱਧਰ ‘ਤੇ ਵੀ ਦੇਖਿਆ ਗਿਆ ਹੈ । ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ ਵਿੱਚ 23 ਅਗਸਤ 2024 ਨੂੰ ਸਵੇਰੇ 6 ਵਜੇ ਦਾ ਪੱਧਰ 1634.13 ਫੁੱਟ ਸੀ । ਡੈਮ ਆਪਣੀ ਸਮਰੱਥਾ ਦਾ 68.35 ਫੀਸਦੀ ਹੈ । ਜਦੋਂ ਕਿ ਪਿਛਲੇ ਸਾਲ ਇਸੇ ਦਿਨ ਇਹ ਪੱਧਰ 1672.94 ਫੁੱਟ ਸੀ। ਬਿਆਸ ਦਰਿਆ ‘ਤੇ ਪੌਂਗ ਡੈਮ ‘ਚ 23 ਅਗਸਤ 2024 ਨੂੰ ਸਵੇਰੇ 6 ਵਜੇ ਪਾਣੀ ਦਾ ਪੱਧਰ 1359.47 ਫੁੱਟ ਸੀ। ਜੋ ਡੈਮ ਦੀ ਸਮਰੱਥਾ ਦਾ 62.61 ਫੀਸਦੀ ਹੈ। ਪਿਛਲੇ ਸਾਲ ਇਸੇ ਦਿਨ ਇਹ ਪੱਧਰ 1389.10 ਫੁੱਟ ਦਰਜ ਕੀਤਾ ਗਿਆ ਸੀ।

LEAVE A RESPONSE

Your email address will not be published. Required fields are marked *