ਖਪਤਕਾਰ ਨੂੰ ਸ਼ਰਾਬ ਵੇਚਣ ਸਬੰਧੀ ਵਿਭਾਗ ਵੱਲੋਂ ਕਈ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਆਮ ਖਪਤਕਾਰ ਨੂੰ ਸ਼ਰਾਬ ਦੀ ਪੇਟੀ ਵੇਚਣਾ ਗਲਤ ਹੈ। ਇਸ ਨਿਯਮ ਦਾ ਉਲੰਘਣ ਪਾਏ ਜਾਣ ’ਤੇ ਐਕਸਾਈਜ਼ ਵਿਭਾਗ ਵੱਲੋਂ ਜਲੰਧਰ ਕੈਂਟ ਦੇ ਪਰਾਗਪੁਰ ਗਰੁੱਪ ਨਾਲ ਸਬੰਧਤ ਅਮਰੀਕ ਸਿੰਘ ਬਾਜਵਾ ਗਰੁੱਪ ਦੇ 23 ਠੇਕੇ (ਪੂਰਾ ਗਰੁੱਪ) ਸੀਲ ਕਰ ਦਿੱਤੇ ਗਏ ਹਨ।
ਵਿਭਾਗ ਦੀ ਇਸ ਕਾਰਵਾਈ ਦੀ ਸਮਾਂਹੱਦ 3 ਦਿਨ ਹੋ ਸਕਦੀ ਹੈ, ਜਿਸ ਕਾਰਨ ਅਗਲੇ 2 ਦਿਨ ਠੇਕੇ ਸੀਲ ਰਹਿ ਸਕਦੇ ਹਨ। ਵਿਭਾਗ ਵੱਲੋਂ ਉਕਤ ਠੇਕੇ ਬੰਦ ਕਰਵਾ ਕੇ ਇਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਾਲਿਆਂ ’ਤੇ ਵਿਭਾਗ ਵੱਲੋਂ ਆਪਣੀ ਮੋਹਰਬੰਦ ਸੀਲ ਵੀ ਲਾ ਦਿੱਤੀ ਗਈ ਹੈ। ਉਕਤ ਸੀਲ ਨੂੰ ਤੋੜਨ ਜਾਂ ਨਿਯਮਾਂ ਦਾ ਉਲੰਘਣ ਹੋਣ ’ਤੇ ਵਿਭਾਗ ਵੱਲੋਂ ਠੇਕਿਆਂ ਦੇ ਗਰੁੱਪ ’ਤੇ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਠੇਕੇ ਵੱਲੋਂ ਸ਼ਰਾਬ ਦੀ ਪੇਟੀ ਵੇਚੀ ਗਈ ਸੀ, ਜਿਸ ’ਤੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲਿਆ ਗਿਆ ਅਤੇ ਠੇਕਿਆਂ ਦੇ ਗਰੁੱਪ ਨੂੰ ਸੀਲ ਕਰ ਦਿੱਤਾ ਗਿਆ। ਇਸ ਗਰੁੱਪ ਵਿਚ 23 ਠੇਕੇ ਆਉਂਦੇ ਹਨ, ਜਿਸ ਕਾਰਨ ਵਿਭਾਗੀ ਐਕਸ਼ਨ ਤਹਿਤ ਗਰੁੱਪ ਦੇ ਸਾਰੇ ਠੇਕੇ ਸੀਲ ਰਹਿਣਗੇ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਠੇਕੇ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਜਾਣਕਾਰਾਂ ਨੇ ਦੱਸਿਆ ਕਿ ਆਮ ਖਪਤਕਾਰ ਨੂੰ ਸ਼ਰਾਬ ਦੀ ਪੇਟੀ ਵੇਚਣ ’ਤੇ ਪਾਬੰਦੀ ਹੈ। ਪੇਟੀ ਸਿਰਫ ਲਾਇਸੈਂਸ ਹੋਲਡਰ ਨੂੰ ਹੀ ਵੇਚੀ ਜਾ ਸਕਦੀ ਹੈ। ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਉਕਤ ਗਰੁੱਪ ਨਾਲ ਸਬੰਧਤ ਠੇਕੇ ਨੂੰ ਸ਼ਰਾਬ ਦੀ ਪੇਟੀ ਵੇਚਣਾ ਭਾਰੀ ਪਿਆ ਅਤੇ ਲਾਇਸੈਂਸ ਵੀ ਸਸਪੈਂਡ ਹੋ ਗਿਆ। ਇਸ ਸਬੰਧ ਵਿਚ ਬਾਜਵਾ ਗਰੁੱਪ ਨਾਲ ਸੰਪਰਕ ਨਹੀਂ ਹੋ ਸਕਿਆ।
ਦੁਬਾਰਾ ਅਜਿਹਾ ਹੋਇਆ ਤਾਂ ਲਾਇਸੈਂਸ ਪੱਕੇ ਤੌਰ ’ਤੇ ਰੱਦ : ਗਰਗ
ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਗਰਗ ਨੇ ਕਿਹਾ ਕਿ ਇਹ ਮੁੱਢਲਾ ਕਦਮ ਹੈ। ਜੇਕਰ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਉਲੰਘਣ ਦੁਬਾਰਾ ਕੀਤਾ ਜਾਂਦਾ ਹੈ ਤਾਂ ਸਖ਼ਤ ਕਾਰਵਾਈ ਕਰਦੇ ਹੋਏ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰਨ ਤੋਂ ਲੈ ਕੇ ਭਾਰੀ ਜੁਰਮਾਨਾ ਹੋ ਸਕਦਾ ਹੈ। ਅਜਿਹੇ ਕਿਸੇ ਵੀ ਉਲੰਘਣ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਐਕਸਾਈਜ਼ ਵਿਭਾਗ ਨਿਗਰਾਨੀ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਗਲਤ ਢੰਗ ਨਾਲ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਰੋਕੀ ਜਾ ਸਕੇ।