‘ਡਾ. ਮਨਮੋਹਨ ਸਿੰਘ ਦਾ ਇੰਝ ਨਿਰਾਦਰ ਨਾ ਕਰੋ…’ ਕੇਂਦਰ ਦੇ ਫ਼ੈਸਲੇ ‘ਤੇ ਭੜਕੇ ਸੁਖਬੀਰ ਬਾਦਲ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਡਾ. ਮਨਮੋਹਨ ਸਿੰਘ ਦੀਆਂ ਅੰਤਿਮ ਰਸਮਾਂ ਲਈ ਵਿਸ਼ੇਸ਼ ਜਗ੍ਹਾ ਨਾ ਦੇਣ ਦੇ ਫ਼ੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫ਼ੈਸਲਾ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਇਸ ਨਿੰਦਣਯੋਗ ਫ਼ੈਸਲੇ ਨੂੰ ਬਦਲਣ ਲਈ ਨਿੱਜੀ ਤੌਰ ‘ਤੇ ਦਖਲ ਦੇਣ।
ਸੁਖਬੀਰ ਸਿੰਘ ਨੇ ਬਾਦਲ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਦੇਸ਼ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਇਕ ਵਿਸ਼ੇਸ਼ ਜਗ੍ਹਾ ਦੀ ਮੰਗ ਕੀਤੀ ਗਈ ਸੀ, ਜਿੱਥੇ ਕਿ ਦੇਸ਼ ਵਾਸੀਆਂ ਲਈ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾ ਸਕੇ, ਪਰ ਕੇਂਦਰ ਸਰਕਾਰ ਵੱਲੋਂ ਪਰਿਵਾਰ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਹੈ। ਪਿਛਲੇ ਸਮਿਆਂ ਦੌਰਾਨ ਚਲਦੀ ਆ ਰਹੀ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਗ੍ਹਾ ‘ਰਾਜ ਘਾਟ’ ਹੋਣੀ ਚਾਹੀਦੀ ਸੀ । ਪਰ, ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਿਰਾਦਰ ਕਿਉਂ ਕਰ ਰਹੀ ਹੈ, ਜੋ ਇੱਕੋ-ਇੱਕ ਸਿੱਖ ਸਨ ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਸੀ।