ਕੋਰਟ ਕੰਪਲੈਕਸ ਵਿਚ ਆਪਣੇ ਪੋਤੇ ਦੀ ਤਰੀਕ ’ਤੇ ਆਈ ਬਜ਼ੁਰਗ ਔਰਤ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਦਰਅਸਲ ਔਰਤ ਨੇ ਇਕ ਦਰਵਾਜ਼ੇ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਲਿਆ, ਜਿਸ ਨੂੰ ਖੋਲ੍ਹਣ ’ਤੇ ਉਹ ਹੇਠਾਂ ਡਿੱਗ ਗਈ, ਜਿਥੋਂ ਬਜ਼ੁਰਗ ਔਰਤ ਹੇਠਾਂ ਡਿੱਗੀ, ਉਥੇ ਸਟਾਫ ਲਈ ਬਾਥਰੂਮ ਬਣਾਉਣ ਵਾਸਤੇ ਥਾਂ ਛੱਡੀ ਗਈ ਸੀ ਪਰ ਦਰਵਾਜ਼ਾ ਲਾ ਕੇ ਉਸ ਨੂੰ ਬਾਹਰੋਂ ਲਾਕ ਨਹੀਂ ਲਾਇਆ ਗਿਆ ਸੀ
ਮ੍ਰਿਤਕਾ ਦੀ ਪਛਾਣ ਕਾਂਤਾ ਦੇਵੀ (76) ਨਿਵਾਸੀ ਜਲੰਧਰ ਕੈਂਟ ਵਜੋਂ ਹੋਈ ਹੈ। ਪੁਲਸ ਦੀ ਮੰਨੀਏ ਤਾਂ ਕਾਂਤਾ ਦੇਵੀ ਆਪਣੇ ਪੋਤੇ ਮੰਥਨ ਦੀ ਤਰੀਕ ’ਤੇ ਕੋਰਟ ਕੰਪਲੈਕਸ ਵਿਚ ਉਸਨੂੰ ਮਿਲਣ ਲਈ ਆਈ ਸੀ। ਮੰਥਨ ਖ਼ਿਲਾਫ਼ ਦੀਵਾਲੀ ਨਜ਼ਦੀਕ ਇਕ ਹੱਤਿਆ ਦਾ ਕੇਸ ਦਰਜ ਹੋਇਆ ਸੀ, ਜਿਸ ਵਿਚ ਉਹ ਜੇਲ ਵਿਚ ਬੰਦ ਹੈ। ਔਰਤ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਸੀ, ਜੋ ਬਾਥਰੂਮ ਦੇ ਨਿਰਮਾਣ ਲਈ ਖਾਲੀ ਛੱਡੀ ਗਈ ਥਾਂ ਨੂੰ ਬਾਥਰੂਮ ਸਮਝ ਕੇ ਚਲੀ ਗਈ ਤੇ ਜਿਉਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਕੁਝ ਨਾ ਹੋਣ ਕਾਰਨ ਉਹ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਖੂਨ ਵਿਚ ਲਥਪਥ ਔਰਤ ਨੂੰ ਦੇਖ ਕੇ ਕੋਰਟ ਕੰਪਲੈਕਸ ਵਿਚ ਹਫੜਾ-ਦਫੜੀ ਮਚ ਗਈ
ਸੂਚਨਾ ਮਿਲਦੇ ਹੀ ਮਾਣਯੋਗ ਸੀ. ਜੇ .ਐੱਮ. ਗੁਰਪ੍ਰੀਤ ਕੌਰ ਮੌਕੇ ’ਤੇ ਪੁੱਜੇ, ਜਿਨ੍ਹਾਂ ਤੁਰੰਤ ਔਰਤ ਨੂੰ ਹਸਪਤਾਲ ਭੇਜਿਆ। ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ ਬਜ਼ੁਰਗ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਵੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।