ਜਲੰਧਰ ਵਿਚ ਬੀਤੇ ਦਿਨ ਦੋਮੋਰੀਆ ਪੁੱਲ ਨੇੜੇ ਬਰਫ਼ ਦੀ ਫੈਕਟਰੀ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਵਿਚ ਪੁਲਸ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਫੈਕਟਰੀ ਦੇ ਮਾਲਕ ‘ਤੇ ਐੱਫ਼. ਆਈ. ਆਰ. ਦਰਜ ਕਰ ਲਈ ਹੈ ਜਦਕਿ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਗੈਸ ‘ਤੇ ਕਾਬੂ ਪਾ ਕੇ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਇਸ ਦੇ ਨਾਲ ਹੀ ਨਿਗਮ ਅਧਿਕਾਰੀ, ਪੰਜਾਬ ਫੈਕਟਰੀ ਵਿਭਾਗ ਦੇ ਅਧਿਕਾਰੀ, ਪੰਜਾਬ ਇੰਡਸਟਰੀ ਵਿਭਾਗ ਦੇ ਅਧਿਕਾਰੀ, ਪਾਵਰਕਾਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਨਾਂ ਕੇਸ ਵਿਚ ਫਿਲਹਾਲ ਨਹੀਂ ਜੋੜਿਆ ਗਿਆ ਹੈ।
ਜਾਂਚ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੇ ਨਾਮ ਜੋੜੇ ਜਾਣਗੇ, ਜੋ ਘਟਨਾ ਦੇ ਸਮੇਂ ਡਿਊਟੀ ‘ਤੇ ਸਨ। ਦਰਜ ਕੀਤੀ ਗਈ ਐੈੱਫ਼. ਆਈ. ਆਰ. ਵਿਚ ਕਿਹਾ ਗਿਆ ਹੈ ਕਿ ਜੈਨ ਆਈਸ ਫੈਕਟਰੀ ਵਿਚ ਗੈਸ ਲੀਕ ਹੋਈ ਸੀ, ਜਿਸ ਵਿਚ ਸ਼ੀਤਲ ਸਿੰਘ ਵਾਸੀ ਉਪਕਾਰ ਨਗਰ ਮੁਹੱਲਾ ਕਿਸ਼ਨਪੁਰਾ ਦੀ ਮੌਤ ਹੋ ਗਈ ਸੀ। ਸ਼ੀਤਲ ਨੇ ਤਿੰਨ ਮਹੀਨੇ ਪਹਿਲਾਂ ਹੀ ਉਕਤ ਫੈਕਟਰੀ ਵਿਚ ਨੌਕਰੀ ਸ਼ੁਰੂ ਕੀਤੀ ਸੀ।
ਕੇਸ ਵਿਚ ਫੈਕਟਰੀ ਮਾਲਕ ਉਕਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਉਕਤ ਵਿਭਾਗਾਂ ਵੱਲੋਂ ਫੈਕਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੇਸ ਵਿਚ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਸ ਦੀ ਲੀਕੇਜ ਪਾਈਪ ਫੱਟਣ ਕਾਰਨ ਹੋਈ ਸੀ। ਪੁਲਸ ਕਮਿਸ਼ਨਰ ਨੇ ਮੌਕੇ ਦੀ ਜਾਂਚ ਤੋਂ ਬਾਅਦ ਤੁਰੰਤ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਸਨ।