Breaking News Flash News Punjab

ਅੱਜ ਸੋਚ ਸਮਝ ਕੇ ਨਿਕਲਿਓ ਘਰ ਤੋਂ ਬਾਹਰ, ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਹੋਣਗੇ ਬੰਦ

ਪੰਜਾਬ ‘ਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਪਰੇਸ਼ਾਨ ਕਿਸਾਨ ਅੱਜ ਸੂਬੇ ਦੇ 4 ਹਾਈਵੇ ਬੰਦ ਕਰਨ ਜਾ ਰਹੇ ਹਨ। ਕਿਸਾਨ ਦੁਪਹਿਰ 1 ਵਜੇ ਦੇ ਕਰੀਬ ਪੰਜਾਬ ਦੇ 4 ਹਾਈਵੇ ਜਾਮ ਕਰਨਗੇ। ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।

ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸਾਂਝਾ ਮੋਰਚਾ ਗੈਰ (ਸਿਆਸੀ) ਜੁਆਇੰਟ ਫੋਰਮ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੇ 4 ਹਾਈਵੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 1 ਵਜੇ ਕਿਸਾਨ 4 ਸੜਕਾਂ ‘ਤੇ ਬੈਠਣਗੇ ਅਤੇ ਆਵਾਜਾਈ ਬੰਦ ਕਰ ਦਿੱਤੀ ਜਾਵੇਗੀ।

ਪੰਧੇਰ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਨਾਲ ਸ਼ੈਲਰਾਂ ਦੀ ਮੀਟਿੰਗ ਹੋਈ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਝੋਨੇ ਤੋਂ ਘੱਟ ਚੌਲ ਨਿਕਲਦਾ ਹੈ ਅਤੇ ਉਨ੍ਹਾਂ ਨੂੰ 2-3 ਕਿਲੋ ਦੀ ਜ਼ਿਆਦਾ ਛੋਟ ਦਿੱਤੀ ਜਾਵੇ। ਕੇਂਦਰ ਨੇ ਜਲਦੀ ਟੀਮਾਂ ਭੇਜਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਟੀਮਾਂ ਨਹੀਂ ਪੁੱਜੀਆਂ ਅਤੇ ਸ਼ੈਲਰ ਵੀ ਝੋਨਾ ਨਹੀਂ ਚੁੱਕ ਰਹੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਲਿਫਟਿੰਗ ਜਲਦੀ ਹੋ ਸਕੇ। ਕਿਸਾਨ 26 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਅਤੇ ਮੁਸ਼ਕਿਲ ਨਾਲ ਹੀ ਆਪਣਾ ਗੁਜ਼ਾਰਾ ਕਰ ਰਹੇ ਹਨ।

ਪੰਧੇਰ ਨੇ ਦੋਸ਼ ਲਾਇਆ ਕਿ ਹੁਣ ਭਾਜਪਾ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜੋ ਖੁਦ ਭਾਜਪਾ ਵਿੱਚ ਹੈ, ਜੇਕਰ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਜਾਣ-ਪਛਾਣ ਹੈ ਤਾਂ ਉਨ੍ਹਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਜਾ ਰਹੇ ਹਨ। ਕੇਜਰੀਵਾਲ ਖੁਦ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ, ਨਹੀਂ ਤਾਂ ਪੂਰਾ ਪੰਜਾਬ ਬੰਦ ਹੋਵੇਗਾ।

ਪੰਧੇਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਵਿਵਸਥਾ ਨਾਲ ਜੁੜੇ ਹੋਏ ਹਨ। ਜੇਕਰ ਕਿਸਾਨ ਖਤਮ ਹੋ ਗਏ ਤਾਂ ਪੰਜਾਬ ਖਤਮ ਹੋ ਜਾਵੇਗਾ। ਅੱਜ ਸੜਕਾਂ ਜਾਮ ਹੋਣਗੀਆਂ, ਮੁਸ਼ਕਿਲਾਂ ਆਉਣਗੀਆਂ, ਪਰ ਸਮੱਸਿਆਵਾਂ ਹੱਲ ਹੋ ਜਾਣਗੀਆਂ। ਨਹੀਂ ਤਾਂ ਵੱਡੇ ਮਾਲ ਆਉਣਗੇ ਅਤੇ ਸੂਬੇ ਦੇ ਛੋਟੇ-ਛੋਟੇ ਉਦਯੋਗ ਬੰਦ ਹੋ ਜਾਣਗੇ ਅਤੇ ਕਾਰੋਬਾਰ ਖ਼ਤਮ ਹੋ ਜਾਣਗੇ। ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।

LEAVE A RESPONSE

Your email address will not be published. Required fields are marked *