ਅੱਜ ਤੜਕਸਾਰ ਤੋਂ ਹੀ ਕੇਂਦਰੀ ਏਜੰਸੀ NIA ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਘਰ ਰੇਡ ਕੀਤੀ ਜਾ ਰਹੀ ਹੈ। ਇਸ ਤਹਿਤ ਹੀ NIA ਵੱਲੋਂ ਅੰਮ੍ਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਦੇ ਘਰ ਵੀ ਰੇਡ ਕੀਤੀ ਗਈ। ਇਸ ਦੌਰਾਨ ਘਰ ਤਲਾਸ਼ੀ ਲੈਣ ਮਗਰੋਂ NIA ਦੀ ਟੀਮ ਪ੍ਰਗਟ ਸਿੰਘ ਦੀ ਪਤਨੀ ਅਮਰਜੀਤ ਕੌਰ ਨੂੰ ਪੁੱਛਗਿੱਛ ਲਈ ਬਿਆਸ ਥਾਣੇ ਲੈ ਗਈ।
ਇਸ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਅਤੇ ਚਾਚਾ ਸੁਖਚੈਨ ਸਿੰਘ ਵੀ ਬਿਆਸ ਥਾਣੇ ਪਹੁੰਚੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦਾ ਪਿਤਾ ਨੇ ਦੱਸਿਆ ਕਿ ਪ੍ਰਗਟ ਸਿੰਘ ਰੇਡ ਵੇਲੇ ਘਰ ਵਿਚ ਨਹੀਂ ਸੀ। NIA ਦੀ ਟੀਮ ਵੱਲੋਂ ਘਰ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ NIA ਘਰ ਵਿਚੋਂ ਮੋਬਾਈਲ, ਹਾਰਡ ਡਿਸਕ, USB, ਘਰੇਲੂ ਕੈਮਰਿਆਂ ਦੀ ਰਿਕਾਰਡਿੰਗ ਆਦਿ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਥਾਣੇ ਤੋਂ ਇਸ ਦੀ ਕਾਪੀ ਮੰਗੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਦਾ ਪ੍ਰਗਟ ਸਿੰਘ ਨਾਲ ਰਾਬਤਾ ਨਹੀਂ ਹੋਇਆ।
ਅੰਮ੍ਰਿਤਪਾਲ ਸਿੰਘ ਦੀ ਭੈਣ ਘਰ ਵੀ ਹੋਈ ਰੇਡ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਟਾਲਾ ਵਿਚ ਸਾਡੇ ਜਵਾਈ ਹਰਜੋਤ ਸਿੰਘ ਦੇ ਘਰ ਵੀ NIA ਰੇਡ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਧੀ-ਜਵਾਈ ਕੈਨੇਡਾ ਰਹਿੰਦੇ ਹਨ। ਤਰਸੇਮ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਸਾਡੇ ਸਮਰਥਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।