ਪਿੰਡ ਕਟਾਣੀ ਕਲਾਂ ਵਿਖੇ ਇਕ ਘਰ ’ਚ ਰੱਖੇ ਅਖੰਡ ਪਾਠ ਸਮਾਗਮ ਦੌਰਾਨ ਪਕਾਏ ਜਾ ਰਹੇ ਲੰਗਰ ਵਿਚ ਗੁਆਂਢ ਵਿਚ ਰਹਿਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੇ ਸ਼ਰਾਬ ਸੁੱਟ ਦਿੱਤੀ। ਇਸ ਸਬੰਧੀ ਥਾਣਾ ਕੂਮਕਲਾਂ ਦੀ ਪੁਲਸ ਨੇ 5 ਜਣਿਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਪਰਮਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਦਾਦਾ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਕਾਰਨ ਘਰ ਵਿਚ ਅਖੰਡ ਪਾਠ ਰਖਵਾਇਆ ਹੋਇਆ ਸੀ। ਇਸ ਮੌਕੇ ਘਰ ’ਚ ਲੰਗਰ ਪਕਾਇਆ ਜਾ ਰਿਹਾ ਸੀ। ਇਸ ਦੌਰਾਨ ਨਾਲ ਲੱਗਦੇ ਘਰ ’ਚ ਚੁਬਾਰੇ ’ਚ ਕਿਰਾਏ ’ਤੇ ਰਹਿੰਦੇ ਵਿਦੇਸ਼ੀ ਵਿਦਿਆਰਥੀ ਸ਼ਰਾਬ ਪੀ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਨੇ ਪਕਾਏ ਜਾ ਰਹੇ ਲੰਗਰ ’ਚ ਸ਼ਰਾਬ ਸੁੱਟ ਦਿੱਤੀ, ਜਿਸ ਕਾਰਨ ਮਾਹੌਲ ਬੜਾ ਤਣਾਅਪੂਰਨ ਹੋ ਗਿਆ। ਕੂੰਮਕਲਾਂ ਪੁਲਸ ਨੇ ਪਰਮਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਬਹਾਦਰ ਸਿੰਘ ਤੇ 4 ਵਿਦੇਸ਼ੀ ਵਿਦਿਆਰਥੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਹੈ।